ਮੈਲਬਰਨ : ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਇਕ ਆਸਟ੍ਰੇਲੀਆਈ ਸੈਲਾਨੀ ਦੀ ਸ਼ਿਕਾਇਤ ਦੀ ਪੁਲਸ ਜਾਂਚ ਕਰ ਰਹੀ ਹੈ ਕਿ ਉਸ ਨਾਲ ਪੰਜ ਲੋਕਾਂ ਨੇ ਬਲਾਤਕਾਰ ਕੀਤਾ। ਰਿਪੋਰਟਾਂ ਅਨੁਸਾਰ, ਔਰਤ ਨੇ ਸ਼ਨੀਵਾਰ ਸਵੇਰੇ 5 ਵਜੇ ਦੇ ਕਰੀਬ ਬੁਲੇਵਰਡ ਡੀ ਕਲਿਚੀ ‘ਤੇ ਇਕ ਕਬਾਬ ਦੀ ਦੁਕਾਨ ‘ਚ ਸ਼ਰਨ ਮੰਗੀ ਸੀ ਅਤੇ ਉਥੇ ਦੇ ਕਰਮਚਾਰੀਆਂ ਨੇ ਜਦੋਂ ਉਸ ਦੀ ਹਾਲਤ ਨੂੰ ਵੇਖਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਬੁਲਾਇਆ।
ਔਰਤ ਨਸ਼ੇ ’ਚ ਸੀ ਅਤੇ ਕਥਿਤ ਤੌਰ ‘ਤੇ ਪੁਲਿਸ ਨੂੰ ਦੱਸਿਆ ਕਿ ਪੰਜ ਵਿਅਕਤੀਆਂ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ ਪਰ ਉਹ ਹੋਰ ਵੇਰਵੇ ਨਹੀਂ ਦੇ ਸਕੀ। ਕੁਝ ਰਿਪੋਰਟਾਂ ਅਨੁਸਾਰ, ਉਸ ਨੇ ਪੁੱਠੇ ਕਪੜੇ ਪਾਏ ਹੋਏ ਸਨ ਜੋ ਅੰਸ਼ਕ ਤੌਰ ‘ਤੇ ਫਟੇ ਵੀ ਹੋੲੇ ਸਨ। ਇਸ 25 ਸਾਲ ਦੀ ਔਰਤ ਨੂੰ ਨੇੜਲੇ ਬਿਚਾਟ-ਕਲਾਉਡ ਬਰਨਾਰਡ ਹਸਪਤਾਲ ਲਿਜਾਇਆ ਗਿਆ। ਅਲਾਇੰਸ ਪੈਰਿਸ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਆਸਟ੍ਰੇਲੀਆਈ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ (DFAT) ਦੇ ਇਕ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਪੈਰਿਸ ‘ਚ ਆਸਟ੍ਰੇਲੀਆਈ ਅੰਬੈਸੀ ਫਰਾਂਸ ਦੇ ਅਧਿਕਾਰੀਆਂ ਤੋਂ ਤੁਰੰਤ ਪੁੱਛਗਿੱਛ ਕਰ ਰਹੀ ਹੈ। ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਕੌਂਸਲਰ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।