ਮੈਲਬਰਨ : ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ’ਤੇ ਹਮਲਾ ਕਰਨ ਲਈ ਇੱਕ ਹੋਰ ਵਿਅਕਤੀ ਨੇ ਦੋਸ਼ ਕਬੂਲ ਲਏ ਹਨ। 23 ਦਸੰਬਰ 2020 ਨੂੰ ਹਰਨੇਕ ਸਿੰਘ ਨੇਕੀ ’ਤੇ ਬੈਟਾਂ ਅਤੇ ਚਾਕੂਆਂ ਨਾਲ ਹਮਲਾ ਹੋਇਆ ਸੀ। ਪਰ ਇਸ ਤੋਂ ਪਹਿਲਾਂ ਹਰਦੀਪ ਸਿੰਘ ਸੰਧੂ ਨਾਂ ਦੇ ਵਿਅਕਤੀ ਨੇ ਆਪਣੀ ਵੈਨ ਨੂੰ ਹਰਨੇਕ ਸਿੰਘ ਦੀ ਕਾਰ ਨਾਲ ਟੱਕਰ ਮਾਰ ਦਿੱਤੀ। ਸੰਧੂ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਸ ਨੂੰ ਨਹੀਂ ਪਤਾ ਸੀ ਕਿ ਹਰਨੇਕ ਸਿੰਘ ਨੂੰ ਮਾਰਨ ਦੀ ਯੋਜਨਾ ਸੀ ਅਤੇ ਉਸ ਦਾ ਇਰਾਦਾ ਸਿਰਫ਼ ਹਮਲੇ ਵਿਚ ਮਦਦ ਕਰਨਾ ਸੀ। ਅਦਾਲਤ ਨੇ ਇਸ ਨੂੰ ਸਵੀਕਾਰ ਕਰ ਲਿਆ ਅਤੇ ਇਲਜ਼ਾਮ ਨੂੰ ਕਤਲ ਦੀ ਕੋਸ਼ਿਸ਼ ਤੋਂ ਘਟਾ ਕੇ ਜ਼ਖਮੀ ਕਰਨ ਦੇ ਇਰਾਦੇ ਨਾਲ ਹਮਲੇ ’ਚ ਤਬਦੀਲ ਕਰ ਦਿੱਤਾ, ਜਿਸ ਵਿੱਚ ਵੱਧ ਤੋਂ ਵੱਧ ਪੰਜ ਸਾਲ ਦੀ ਕੈਦ ਦੀ ਸਜ਼ਾ ਹੈ। ਸੰਧੂ ਨੂੰ 27 ਅਗਸਤ ਨੂੰ ਸਜ਼ਾ ਸੁਣਾਈ ਜਾਵੇਗੀ। ਇਹ ਹਮਲਾ ਗੁਰਿੰਦਰਪਾਲ ਸਿੰਘ ਬਰਾੜ ਨੇ ਕਰਵਾਇਆ ਸੀ, ਜਿਸ ਨੂੰ ਕਤਲ ਦੀ ਕੋਸ਼ਿਸ਼ ਦਾ ਮੁੱਖ ਦੋਸ਼ੀ ਪਾਇਆ ਗਿਆ ਸੀ ਅਤੇ ਉਸ ਨੂੰ 13.5 ਸਾਲ ਦੀ ਸਜ਼ਾ ਸੁਣਾਈ ਗਈ ਸੀ। ਜਸਪਾਲ ਸਿੰਘ, ਸਰਵਜੀਤ ਸਿੱਧੂ ਅਤੇ ਜੋਬਨਪ੍ਰੀਤ ਸਿੰਘ ਨੂੰ ਵੀ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਮੰਨਿਆ ਗਿਆ ਸੀ ਸਜ਼ਾ ਸੁਣਾਈ ਗਈ ਸੀ।