ਮੈਲਬਰਨ : ਤਸਮਾਨੀਆ ਦੀ ਸੁਪਰੀਮ ਕੋਰਟ ਦੇ ਜਸਟਿਸ Gregory Geason (62) ‘ਤੇ ਇਕ ਔਰਤ ਨਾਲ ਭਾਵਨਾਤਮਕ ਸ਼ੋਸ਼ਣ, ਧਮਕਾਉਣ ਅਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਉਨ੍ਹਾਂ ’ਤੇ ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੇ ਕਥਿਤ ਤੌਰ ‘ਤੇ ਉਸ ਔਰਤ ਨੂੰ ਇਕ ਫੋਨ, ਸਮਾਰਟਵਾਚ ਅਤੇ ਈਅਰਫੋਨ ਤੋਹਫ਼ੇ ਵਜੋਂ ਦਿੱਤੇ, ਜਿਸ ਦੀ ਵਰਤੋਂ ਉਹ ਈਰਖਾ ਕਾਰਨ ਔਰਤ ਦੀਆਂ ਹਰਕਤਾਂ ‘ਤੇ ਨਜ਼ਰ ਰੱਖਣ ਲਈ ਕਰਦੇ ਰਹੇ।
ਕ੍ਰਾਊਨ ਪ੍ਰੋਸੀਕਿਊਟਰ ਨੇ ਦਾਅਵਾ ਕੀਤਾ ਕਿ Gregory Geason ਨੇ 31 ਅਕਤੂਬਰ ਨੂੰ ਔਰਤ ‘ਤੇ ਹਮਲਾ ਕੀਤਾ ਅਤੇ ਉਸ ਦਾ ਪਿੱਛਾ ਕੀਤਾ, ਇੱਥੋਂ ਤੱਕ ਕਿ ਕੈਨਬਰਾ ਵਿਚ ਉਸ ਦੇ ਪਰਿਵਾਰਕ ਮੈਂਬਰ ਦਾ ਪਤਾ ਲਗਾਉਣ ਲਈ ਈਅਰਫੋਨ ਦੀ ਵਰਤੋਂ ਵੀ ਕੀਤੀ। Gregory Geason ‘ਤੇ ਸਰੀਰਕ ਅਤੇ ਭਾਵਨਾਤਮਕ ਸ਼ੋਸ਼ਣ ਦਾ ਦੋਸ਼ ਹੈ, ਜਿਸ ਵਿਚ ਔਰਤ ਨੂੰ ਫੜਨਾ ਅਤੇ ਹਲੂਣੇ ਮਾਰਨਾ, ਉਸ ਨੂੰ ਮਾਰਨਾ ਅਤੇ ਉਸ ਨੂੰ ਅਪਮਾਨਜਨਕ ਨਾਮ ਦੇਣਾ ਸ਼ਾਮਲ ਹੈ।
ਹਾਲਾਂਕਿ Gregory Geason ਦੇ ਬਚਾਅ ਪੱਖ ਨੇ ਦਲੀਲ ਦਿੱਤੀ ਕਿ ਔਰਤ ਨਾਲ ਕੋਈ ਜ਼ਬਰਦਸਤੀ ਜਾਂ ਟਰੈਕਿੰਗ ਨਹੀਂ ਕੀਤੀ ਗਈ ਸੀ ਅਤੇ 31 ਅਕਤੂਬਰ ਦੀ ਘਟਨਾ ਦੋਹਾਂ ਵਿਚਕਾਰ ਝਗੜੇ ਕਾਰਨ ਅਤੇ ਸ਼ਰਾਬ ਦੇ ਨਸ਼ੇ ’ਚ ਹੋਇਆ ਝਗੜਾ ਸੀ। ਆਪਣੀ ਭੂਮਿਕਾ ਤੋਂ ਛੁੱਟੀ ‘ਤੇ ਚਲ ਰਹੇ Gregory Geason ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਸੁਣਵਾਈ ਪੰਜ ਦਿਨਾਂ ਤੱਕ ਚੱਲਣ ਦੀ ਉਮੀਦ ਹੈ।