ਮੈਲਬਰਨ : ਪ੍ਰਿਯਦਰਸ਼ਿਨੀ ਦੇਸਾਈ ਦੇ ਬੱਚੇ, ਅਮਰਤਿਆ ਅਤੇ ਅਪਰਾਜਿਤਾ, ਆਸਟ੍ਰੇਲੀਆ ਤੋਂ ਭਾਰਤ ਆਪਣੇ ਦਾਦਾ-ਦਾਦੀ ਕੋਲ ਪਹੁੰਚ ਗਏ ਹਨ। ਰਿਟਾਇਰਡ ਪ੍ਰੋਫੈਸਰ ਐਸ.ਐਸ. ਦੇਸਾਈ ਦੀ ਧੀ ਅਤੇ 40 ਸਾਲ ਦੀ ਟੈਕਨੀਸ਼ੀਅਨ ਪ੍ਰਿਯਦਰਸ਼ਿਨੀ ਨੇ ਅਗਸਤ 2023 ਵਿੱਚ ਉਸ ਸਮੇਂ ਖੁਦਕੁਸ਼ੀ ਕਰ ਲਈ ਸੀ ਜਦੋਂ ਆਸਟ੍ਰੇਲੀਆਈ ਸਰਕਾਰ ਨੇ ਉਸ ਦੇ ਬੱਚਿਆਂ ਨੂੰ ਆਪਣੀ ਕਸਟੱਡੀ ਵਿੱਚ ਲੈ ਲਿਆ ਸੀ। ਪ੍ਰਿਯਦਰਸ਼ਿਨੀ ਦੀ ਮੌਤ ਤੋਂ ਬਾਅਦ, ਪ੍ਰੋਫੈਸਰ ਦੇਸਾਈ ਨੇ ਕੇਂਦਰੀ ਮੰਤਰੀਆਂ ਪ੍ਰਹਿਲਾਦ ਜੋਸ਼ੀ ਅਤੇ ਐਸ. ਜੈਸ਼ੰਕਰ ਦੀ ਮਦਦ ਲੈ ਕੇ ਆਪਣੇ ਪੋਤੇ-ਪੋਤੀ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਗੱਲਬਾਤ ਤੋਂ ਬਾਅਦ ਆਸਟ੍ਰੇਲੀਆ ਸਰਕਾਰ ਨੇ ਬੱਚਿਆਂ ਨੂੰ ਰਿਹਾਅ ਕਰ ਦਿੱਤਾ।
ਬੱਚਿਆਂ ਨੂੰ ਉਨ੍ਹਾਂ ਦੇ ਪਿਤਾ ਲਿੰਗਰਾਜ ਪਾਟਿਲ ਦੀ ਦੇਖਭਾਲ ਹੇਠ ਰੱਖਿਆ ਗਿਆ ਸੀ, ਜੋ ਸਿਡਨੀ ਵਿਚ ਇਕ ਇੰਜੀਨੀਅਰ ਸਨ। ਪ੍ਰਿਯਦਰਸ਼ਿਨੀ ਅਤੇ ਲਿੰਗਰਾਜ ਨੇ ਆਸਟ੍ਰੇਲੀਆ ਤੋਂ ਭਾਰਤ ਪਰਤਣ ਦਾ ਫੈਸਲਾ ਕਰ ਲਿਆ ਸੀ। ਪ੍ਰਿਯਦਰਸ਼ਿਨੀ ਦੇ ਦੋਵੇਂ ਬੱਚੇ ਆਸਟ੍ਰੇਲੀਆਈ ਨਾਗਰਿਕ ਹਨ, ਜਿਨ੍ਹਾਂ ਨੂੰ ਅਮਰਤਿਆ ਦੀ ਸਿਹਤ ਖ਼ਰਾਬ ਹੋਣ ਕਾਰਨ ਕਾਨੂੰਨੀ ਪੇਚੀਦਗੀਆਂ ਪੈਦਾ ਹੋਣ ਤੋਂ ਬਾਅਦ ਕਸਟੱਡੀ ਵਿੱਚ ਲੈ ਲਿਆ ਗਿਆ ਸੀ। ਬਾਅਦ ਵਿੱਚ ਪ੍ਰਿਯਦਰਸ਼ਿਨੀ ਨੇ ਇੱਕ ਡਾਕਟਰ ਵਿਰੁੱਧ ਸ਼ਿਕਾਇਤ ਕੀਤੀ ਸੀ ਪਰ ਇਸ ਦਾ ਉਲਟਾ ਪਿਆ, ਜਿਸ ਦੇ ਨਤੀਜੇ ਵਜੋਂ ਬੱਚਿਆਂ ਨੂੰ ਉਸ ਤੋਂ ਖੋਹ ਲਿਆ ਗਿਆ ਅਤੇ ਪ੍ਰਿਯਦਰਸ਼ਿਨੀ ’ਤੇ ਬੱਚਿਆਂ ਦੀ ਠੀਕ ਤਰੀਕੇ ਨਾਲ ਦੇਖਭਾਲ ਨਾ ਕਰਨ ਦਾ ਦੋਸ਼ ਲਾਇਆ ਗਿਆ। ਇਸ ਗੱਲ ਤੋਂ ਦੁਖੀ ਹੋ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰ ਹੁਣ ਧਾਰਵਾੜ ’ਚ ਸਥਿਤ ਪ੍ਰੋਫੈਸਰ ਦੇਸਾਈ ਆਪਣੇ ਪੋਤੇ-ਪੋਤੀ ਨਾਲ ਦੁਬਾਰਾ ਮਿਲ ਗਏ ਹਨ, ਜਿਨ੍ਹਾਂ ਨੇ ਭਾਰਤ ਸਰਕਾਰ ਦੇ ਅਧਿਕਾਰੀਆਂ ਦਾ ਉਨ੍ਹਾਂ ਦੇ ਦਖਲ ਲਈ ਧੰਨਵਾਦ ਕੀਤਾ।