ਮੈਲਬਰਨ : ਇੰਗਲੈਂਡ ਦੇ ਸਾਊਥ ਸ਼ੀਲਡਜ਼ ਵਿਚ ਗਰੋਸਰੀ ਸ਼ਾਪ ਦੇ ਮਾਲਕ 29 ਸਾਲ ਦੇ ਜੈਗ ਸਿੰਘ ਦੀ ਇੰਸਟਾਗ੍ਰਾਮ ’ਤੇ ਇੱਕ ਤਸਵੀਰ ਵਾਇਰਲ ਹੋਣ ਮਗਰੋਂ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਹੈ। ਜੈਗ ਸਿੰਘ ਜਰਮਨੀ ’ਚ ਚਲ ਰਹੀ UEFA European Championship ’ਚ ਸਵਿਟਜ਼ਰਲੈਂਡ ਨਾਲ ਇੰਗਲੈਂਡ ਦੇ ਕੁਆਰਟਰ ਫਾਈਨਲ ਮੈਚ ਨੂੰ ਵੇਖਣ ਲਈ ਗਿਆ ਸੀ। Dusseldorf ਵਿੱਚ, ਉਸ ਦੀ ਤਸਵੀਰ Three Lions ਦੀ ਆਫ਼ੀਸ਼ੀਅਲ ਸੋਸ਼ਲ ਮੀਡੀਆ ਟੀਮ ਵੱਲੋਂ ਖਿੱਚੀ ਗਈ ਸੀ, ਜੋ ਵੰਨ-ਸੁਵੰਨਤਾ ਨੂੰ ਉਤਸ਼ਾਹਤ ਕਰਨ ਲਈ ਫੁੱਟਬਾਲ ਐਸੋਸੀਏਸ਼ਨ ਦੀ ਕੋਸ਼ਿਸ਼ ਸੀ।
ਇੰਗਲੈਂਡ ਦੀ ਟੀਮ ਵਰਗੀ ਸ਼ਰਟ ਪਹਿਨੇ ਉਸ ਦੀ ਤਸਵੀਰ ਨੂੰ ਲਗਭਗ 400,000 ਲੋਕਾਂ ਨੇ ਪਸੰਦ ਕੀਤਾ ਅਤੇ ਜਿਸ ’ਚ ਉਹ ਆਪਣੀ ਟੀਮ ਦੀ ਹੱਲਾਸ਼ੇਰੀ ਕਰਦਾ ਮੁਸਕਰਾਉਂਦੇ ਹੋਏ ਦਿਖਾਈ ਦੇ ਰਿਹਾ ਹੈ। ਪਰ ਇਸ ਦੇ ਨਾਲ ਹੀ ਉਸ ਨੂੰ ਕੁੱਝ ਟਰੋਲਿੰਗ ਦਾ ਵੀ ਸਾਹਮਣਾ ਕਰਨਾ ਪਿਆ ਜਦੋਂ ਇੱਕ ‘ਐਕਸ’ ਯੂਜ਼ਰ ਨੇ ਇੱਕ ਸੰਦੇਸ਼ ਪੋਸਟ ਕਰ ਕੇ ਉਸ ਦਾ ਅਪਮਾਨ ਕੀਤਾ: ‘ਇੰਗਲਿਸ਼ ਨਹੀਂ। ਵਾਪਸ ਜਾਓ’, ਜਿਸ ਨੇ ਉਸ ਨੂੰ ਅਤੇ ਇੰਗਲੈਂਡ ਦੇ ਬਹੁਤ ਸਾਰੇ ਸਮਰਥਕਾਂ ਨੂੰ ਨਾਰਾਜ਼ ਕਰ ਦਿੱਤਾ ਹੈ।
ਇੰਗਲੈਂਡ ਵਿੱਚ ਪੈਦਾ ਹੋਣ ਅਤੇ ਇੱਕ ਸਮਰਪਿਤ ਫ਼ੈਨ ਹੋਣ ਦੇ ਬਾਵਜੂਦ, ਜੈਗ ਸਿੰਘ ਨੇ ਨਸਲਵਾਦ ‘ਤੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਪਰ ਕਿਹਾ ਕਿ ਅਜਿਹੀਆਂ ਘਟਨਾਵਾਂ ਦੁਖਦਾਈ ਤੌਰ ‘ਤੇ ਆਮ ਹਨ ਅਤੇ ਉਸ ਵਰਗੇ ਲੋਕ, ਜੋ ਇੰਗਲਿਸ਼ ਮੂਲ ਦੇ ਨਹੀਂ ਹਨ ਉਨ੍ਹਾਂ ਨੂੰ ਇਸ ਦੀ ਇਕ ਤਰ੍ਹਾਂ ਆਦਤ ਪੈ ਗਈ ਹੈ। ਉਸ ਨੇ ਆਪਣੀ ਬ੍ਰਿਟਿਸ਼ ਪਛਾਣ ਦਾ ਬਚਾਅ ਕਰਦਿਆਂ TikTok ‘ਤੇ ਵੀਡੀਓ ਪੋਸਟ ਕੀਤਾ ਜਿਸ ’ਤੇ ਉਸ ਦੇ 73,000 ਤੋਂ ਵੱਧ ਫਾਲੋਅਰਜ਼ ਹਨ, ਜਿਸ ਵਿਚ ਉਸ ਨੇ ਨਸਲੀ ਟਿੱਪਣੀ ਦੀ ਨਿੰਦਾ ਕੀਤੀ ਅਤੇ ਇਸ ਨੂੰ ਪੋਸਟ ਕਰਨ ਵਾਲੇ ਨੂੰ ‘ਮੂਰਖ’ ਕਰਾਰ ਦਿੰਦਿਆਂ ਕਿਹਾ, ‘‘ਮੈਂ ਸ਼ਾਇਦ ਤੇਰੇ ਨਾਲੋਂ ਜ਼ਿਆਦਾ ਇੰਗਲਿਸ਼ ਹਾਂ।’’
ਇੰਗਲੈਂਡ ਟੀਮ ਦੇ ਕਈ ਹੋਰ ਸਮਰਥਕਾਂ ਨੇ ਵੀ ਨਸਲੀ ਪੋਸਟ ਦੀ ਨਿੰਦਾ ਕੀਤੀ ਅਤੇ ਜੈਗ ਸਿੰਘ ਲਈ ਆਪਣਾ ਸਮਰਥਨ ਦਿਖਾਇਆ। ਆਨਲਾਈਨ ਦੁਰਵਿਵਹਾਰ ਦੇ ਬਾਵਜੂਦ, ਜੈਗ ਸਿੰਘ ਨੇ ਟੂਰਨਾਮੈਂਟ ਵਿੱਚ ਸਕਾਰਾਤਮਕ ਤਜਰਬਿਆਂ ਦੀ ਰਿਪੋਰਟ ਕੀਤੀ। ਹਾਲਾਂਕਿ ਫ਼ਾਈਨਲ ਮੈਚ ’ਚ ਸਪੇਨ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਚੌਥੀ ਵਾਰੀ UEFA European Championship ਜਿੱਤ ਲਈ।