ਮੈਲਬਰਨ : ਲੰਡਨ ਦੇ ਵੋਲਵਰਹੈਂਪਟਨ ‘ਚ ਇਕ ਸਿੱਖ ਪਰਿਵਾਰ ਉਸ ਸਮੇਂ ਤਬਾਹ ਹੋ ਗਿਆ ਜਦੋਂ ਇਕ ਵਿਅਕਤੀ ਨੇ ਰਾਤ ਨੂੰ ਪੈਟਰੋਲ ਕੈਨਿਸਟਰ ਦੀ ਵਰਤੋਂ ਕਰ ਕੇ ਜਾਣਬੁੱਝ ਕੇ ਉਨ੍ਹਾਂ ਦੇ ਘਰ ਨੂੰ ਅੱਗ ਲਾ ਦਿੱਤੀ। ਪੂਰੇ ਘਰ ਨੂੰ ਅੱਗ ’ਚ ਉਨ੍ਹਾਂ ਦੇ 26 ਸਾਲ ਦੇ ਬੇਟੇ ਅਕਾਸ਼ਦੀਪ ਸਿੰਘ ਦੀ ਮੌਤ ਹੋ ਗਈ ਅਤੇ ਪਰਿਵਾਰ ਦੇ ਹੋਰ ਚਾਰ ਮੈਂਬਰ ਜ਼ਖਮੀ ਹੋ ਗਏ।
ਪੁਲਿਸ ਵੱਲੋਂ ਜਾਰੀ CCTV ਫ਼ੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਕਾਲੇ ਕੱਪੜਿਆਂ ‘ਚ ਇਕ ਵਿਅਕਤੀ 25 ਜੂਨ ਨੂੰ ਸਥਾਨਕ ਸਮੇਂ ਮੁਤਾਬਕ ਰਾਤ 1 ਵਜੇ ਈਸਟ ਪਾਰਕ ਦੇ ਪਲਾਸਕਾਮ ਰੋਡ ‘ਤੇ ਪੀੜਤਾਂ ਦੇ ਘਰ ਦੀ ਹੇਠਲੀ ਮੰਜ਼ਿਲ ਦੀ ਖਿੜਕੀ ਤੋੜ ਰਿਹਾ ਹੈ ਅਤੇ ਫਿਰ ਅੰਦਰ ਪੈਟਰੋਲ ਦਾ ਕੈਨਿਸਟਰ ਸੁੱਟ ਕੇ ਘਰ ਨੂੰ ਅੱਗ ਲਾ ਰਿਹਾ ਹੈ। ਫਿਰ ਉਹ ਭੱਜ ਜਾਂਦਾ ਹੈ। ਐਮਰਜੈਂਸੀ ਸੇਵਾਵਾਂ ਨੂੰ ਰਾਤ 1:10 ਵਜੇ ਘਰ ਬੁਲਾਇਆ ਗਿਆ।
ਦੋ ਹਫਤੇ ਬਾਅਦ ਵੀ 52 ਸਾਲ ਦੀ ਔਰਤ ਅਤੇ 16 ਸਾਲ ਦਾ ਲੜਕਾ ਗੰਭੀਰ ਪਰ ਸਥਿਰ ਹਾਲਤ ‘ਚ ਹਸਪਤਾਲ ‘ਚ ਭਰਤੀ ਹਨ। ਦੋ ਵਿਅਕਤੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਿਨ੍ਹਾਂ ਵਿਚੋਂ ਇਕ ਦੀ ਉਮਰ 50 ਸਾਲ ਅਤੇ ਦੂਜੇ ਦੀ ਉਮਰ 20 ਸਾਲ ਦੇ ਕਰੀਬ ਹੈ। ਮੇਜਰ ਕ੍ਰਾਈਮ ਯੂਨਿਟ ਦੇ ਡੇਟ ਸੁਪਟ ਸ਼ਾਨ ਐਡਵਰਡਜ਼ ਅਨੁਸਾਰ ਪੁਲਿਸ ਦਾ ਮੰਨਣਾ ਹੈ ਕਿ ਅਪਰਾਧੀ ਨੂੰ ਸੜਨ ਦੀਆਂ ਸੱਟਾਂ ਲੱਗੀਆਂ ਹੋ ਸਕਦੀਆਂ ਹਨ ਅਤੇ ਉਮੀਦ ਹੈ ਕਿ CCTV ਫੁਟੇਜ ਅਪਰਾਧੀ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਵਿੱਚ ਮਦਦ ਕਰੇਗੀ।