ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਵੀਰਵਾਰ ਨੂੰ ਰਾਤ ਕਰੀਬ 2:15 ਵਜੇ Bendigo ਦੇ ਮੌਲਿਸਨ ਸੇਂਟ ਸਥਿਤ ਆਪਣੇ ਦਫਤਰ ‘ਚ ਭੰਨਤੋੜ ਕਰਨ ਵਾਲਿਆਂ ਦੇ ਇਕ ਸਮੂਹ ਦੀ ਆਲੋਚਨਾ ਕੀਤੀ ਅਤੇ ਇਸ ਹਮਲੇ ਨੂੰ ‘ਸ਼ਰਮਨਾਕ, ਬੇਤੁਕਾ ਅਤੇ ਵਿਨਾਸ਼ਕਾਰੀ’ ਕਰਾਰ ਦਿੱਤਾ। ਵੀਰਵਾਰ ਸਵੇਰੇ ਦਫਤਰ ਦੀਆਂ ਖਿੜਕੀਆਂ ਇਸ ਤਰ੍ਹਾਂ ਟੁੱਟੀਆਂ ਹੋਈਆਂ ਦਿਖਾਈ ਦਿੱਤੀਆਂ ਜਿਵੇਂ ਖਿੜਕੀਆਂ ’ਤੇ ਕਿਸੇ ਚੀਜ਼ ਨੂੰ ਵਗਾਹ ਕੇ ਮਾਰਿਆ ਗਿਆ ਹੋਵੇ। ਇਸ ਤੋਂ ਇਲਾਵਾ ਇਮਾਰਤ ‘ਤੇ ਲਾਲ ਅਤੇ ਕਾਲੇ ਪੇਂਟ ਨਾਲ ਸ਼ਬਦ ‘gutless’, ‘heartless’ ਅਤੇ ‘spine(le)ss’ ਲਿਖੇ ਹੋਏ ਸਨ।
ਐਲਨ ਨੇ ਕਿਹਾ ਕਿ ਹਿੰਸਾ ਸਮੱਸਿਆਵਾਂ ਦਾ ਹੱਲ ਨਹੀਂ ਕਰਦੀ। ਉਨ੍ਹਾਂ ਨੇ ਇਸ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਪ੍ਰੀਮੀਅਰ ਨੇ ਪ੍ਰਦਰਸ਼ਨਕਾਰੀਆਂ ਨੂੰ ਆਪਣੀ ਪਛਾਣ ਜ਼ਾਹਰ ਕਰਨ ਅਤੇ ਗੱਲਬਾਤ ਕਰਨ ਦੀ ਅਪੀਲ ਕੀਤੀ। ਐਲਨ ਨੇ ਕਿਹਾ ਕਿ ਕਾਰਕੁਨਾਂ ਨੇ ਇੱਕ “ਕਾਲਿੰਗ ਕਾਰਡ” ਛੱਡਿਆ ਜਿਸ ਵਿੱਚ ਉਨ੍ਹਾਂ ਦੀ ਪਛਾਣ ਐਨੀਮਲ ਲਿਬਰੇਸ਼ਨ ਫਰੰਟ ਵਜੋਂ ਕੀਤੀ ਗਈ ਸੀ। ਐਲਨ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਚਿੰਤਾ ਆਪਣੇ ਸਟਾਫ ਮੈਂਬਰਾਂ ਲਈ ਸੀ।