ਡੇਢ ਸਾਲ ਤੋਂ ਚਲ ਰਿਹਾ Operation Drake ਸਫ਼ਲ, ਸੈਂਕੜੇ ਕਿੱਲੋ ਕੋਕੀਨ ਦੀ ਤਸਕਰੀ ਕਰਨ ਵਾਲੇ ਦੋ ਗ੍ਰਿਫ਼ਤਾਰ, ਜਾਣੋ ਕਿੱਥੋਂ ਆ ਰਿਹਾ ਸੀ ਆਸਟ੍ਰੇਲੀਆ ’ਚ ਏਨਾ ਨਸ਼ਾ

ਮੈਲਬਰਨ : 39 ਅਤੇ 23 ਸਾਲ ਦੇ ਦੋ ਵਿਅਕਤੀਆਂ ਨੂੰ 211 ਕਿਲੋ ਕੋਕੀਨ ਅਤੇ 30 ਕਿਲੋ ਕੈਟਾਮਾਈਨ ਦੀ ਤਸਕਰੀ ਕਰਨ ਵਾਲੇ ਅੰਤਰਰਾਸ਼ਟਰੀ ਅਪਰਾਧ ਸਿੰਡੀਕੇਟ ‘ਚ ਕਥਿਤ ਭੂਮਿਕਾ ਲਈ ਅੱਜ ਸਿਡਨੀ ‘ਚ ਅਦਾਲਤ ਦਾ ਸਾਹਮਣਾ ਕਰਨਾ ਪਵੇਗਾ। Operation Drake ਨਾਂ ਦੀ ਜਾਂਚ ਦਸੰਬਰ 2022 ‘ਚ ਸ਼ੁਰੂ ਹੋਈ ਸੀ, ਜਦੋਂ AFP ਅਤੇ NSWPF ਨੇ 39 ਸਾਲ ਦੇ Mascot ਵਾਸੀ ਵਿਅਕਤੀ ਦੀ ਪਛਾਣ ਮੁੱਖ ਸਹਾਇਕ ਵਜੋਂ ਕੀਤੀ ਸੀ।

ਉਸ ’ਤੇ ਰੈਫ਼ਰਿਜਰੇਟਡ ਸ਼ਿਪਿੰਗ ਕੰਟੇਰਨ ’ਚ 50 ਕਿੱਲੋ ਕੋਕੀਨ ਦੀ ਤਸਕਰੀ ਕਰਨ ਦਾ ਇਲਜ਼ਾਮ ਹੈ ਜੋ AFP ਦੇ ਕਹਿਣ ’ਤੇ ਅਪ੍ਰੈਲ 2023 ਵਿਚ ਨਿਊਜ਼ੀਲੈਂਡ ਵਿਚ ਜ਼ਬਤ ਕੀਤੀ ਗਈ ਸੀ। ਇਸ ਤੋਂ ਬਾਅਦ ਅਕਤੂਬਰ 2023 ਵਿਚ ਅਤੇ ਪੋਰਟ ਮੈਲਬਰਨ ਵਿਚ ਦੋ ਡਫ਼ਲ ਬੈਗਾਂ ’ਚ 50 ਕਿੱਲੋ ਹੋਰ ਕੋਕੀਨ ਜ਼ਬਤ ਕੀਤੀ ਗਈ ਸੀ ਜੋ ਪਲਾਸਟਿਕ ਫ਼ਰਨੀਚਰ ’ਚ ਲੁਕੋ ਕੇ ਲਿਆਂਦੀ ਜਾ ਰਹੀ ਸੀ। ਇਸ ਤੋਂ ਇਲਾਵਾ ਮੈਲਬਰਨ ਪੋਰਟ ’ਤੇ ਚਾਰ ਡਫ਼ਲ ਬੈਗਾਂ ’ਚ ਵੀ 111 ਕਿੱਲੋ ਕੋਕੀਨ ਜ਼ਬਤ ਕੀਤੀ ਗਈ। ਮਾਰਚ 2024 ‘ਚ ਇੰਪੋਰਟ ਕੀਤੀਆਂ ਗੱਡੀਆਂ ‘ਚ 30 ਕਿਲੋ ਕੈਟਾਮਾਈਨ ਵੀ ਪਾਇਆ ਗਿਆ ਸੀ। ਇਹ ਸਾਰਾ ਨਸ਼ਾ ਦਖਣੀ ਅਮਰੀਕਾ ਤੋਂ ਆ ਰਿਹਾ ਸੀ।

Mascot ਦੇ ਵਿਅਕਤੀ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਕੋਸ਼ਿਸ਼ ਦੇ ਚਾਰ ਦੋਸ਼ ਲਗਾਏ ਗਏ ਅਤੇ ਸਿਡਨੀ ਦੇ ਨੇੜੇ ਸਥਿਤ Angus ਦੇ ਵਿਅਕਤੀ ‘ਤੇ ਨਸ਼ੀਲੇ ਪਦਾਰਥ ਆਪਣੇ ਕਬਜ਼ੇ ’ਚ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ। ਇਨ੍ਹਾਂ ਅਪਰਾਧਾਂ ਲਈ ਵੱਧ ਤੋਂ ਵੱਧ ਸਜ਼ਾ ਉਮਰ ਕੈਦ ਹੈ। ਇਸ ਨਸ਼ੇ ਦੀ ਕੁੱਲ ਕੀਮਤ 68,575,000 ਡਾਲਰ ਦੱਸੀ ਜਾ ਰਹੀ ਹੈ।