ਹਿੰਮਤੀ ਸਕੂਲ ਦੀ ਸਟੂਡੈਂਟ ਕੁੜੀ ਬਣੀ ਗੋਲਡ ਕੋਸਟ ਦੀ ਹੀਰੋ, ਸਕੂਲ ਬੱਸ ਦੇ ਡਰਾਈਵਰ ਨੂੰ ਪੈ ਪਿਆ ਸੀ ਦਿਲ ਦਾ ਦੌਰਾ, ਛੋਟੀ ਕੁੜੀ ਨੇ ਬੱਸ ਨੂੰ ਸੁਰੱਖਿਅਤ ਰੋਕ ਕੇ ਬਚਾਈ ਕਈਆਂ ਦੀ ਜਾਨ

ਮੈਲਬਰਨ : ਗੋਲਡ ਕੋਸਟ ‘ਤੇ ਇੱਕ ਸਕੂਲ ਬੱਸ ਦੇ ਡਰਾਈਵਰ ਨੂੰ ਕਥਿਤ ਤੌਰ ’ਤੇ ਦਿਲ ਦਾ ਦੌਰਾ ਪੈ ਜਾਣ ਤੋਂ ਬਾਅਦ ਉਸ ’ਚ ਬੈਠੀ ਇੱਕ ਛੋਟੀ ਕੁੜੀ ਨੇ ਸਕੂਲ ਬੱਸ ਨੂੰ ਸੁਰੱਖਿਅਤ ਢੰਗ ਨਾਲ ਰੁਕਣ ’ਚ ਮਦਦ ਕੀਤੀ। ਬੱਸ ਅੱਜ ਦੁਪਹਿਰ 3:30 ਵਜੇ ਦੇ ਕਰੀਬ ਸਾਊਥਪੋਰਟ ਨੇਰੰਗ ਰੋਡ ਅਤੇ ਸਾਊਥਪੋਰਟ ਵਿਖੇ ਓਲਸੇਨ ਐਵੇਨਿਊ ਦੇ ਚੌਰਾਹੇ ਨੇੜੇ ਗਟਰ ਵਿੱਚ ਵੱਜੀ। ਉਸ ਸਮੇਂ ਬੱਸ ’ਚ ਲਗਭਗ 25 ਸਕੂਲੀ ਵਿਦਿਆਰਥੀ ਸਵਾਰ ਸਨ। ਹਾਲਾਂਕਿ ਕੁੜੀ ਦੇ ਹਿੰਮਤੀ ਕਦਮ ਬਦੌਲਤ ਕੋਈ ਜ਼ਖਮੀ ਨਹੀਂ ਹੋਇਆ। ਪੈਰਾਮੈਡਿਕਸ ਨੇ ਦੱਸਿਆ ਕਿ ਡਰਾਈਵਰ ਨੂੰ ਗੰਭੀਰ ਹਾਲਤ ਵਿੱਚ ਗੋਲਡ ਕੋਸਟ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਹੈ। ਉਸ ਦਾ ਸ਼ੱਕੀ ਦਿਲ ਦਾ ਦੌਰਾ ਪੈਣ ਦਾ ਇਲਾਜ ਚੱਲ ਰਿਹਾ ਸੀ।