ਫ਼ਰਾਂਸ ਚੋਣਾਂ ’ਚ ਕਿਸੇ ਪਾਰਟੀ ਨੂੰ ਨਹੀਂ ਮਿਲ ਸਕਿਆ ਬਹੁਮਤ, ਖੱਬੇ ਪੱਖੀ ਗੱਠਜੋੜ ਰਿਹਾ ਪਹਿਲੇ ਨੰਬਰ ’ਤੇ, ਨਤੀਜਿਆਂ ਮਗਰੋਂ ਸ਼ੁਰੂ ਹੋਈ ਸਾੜਫੂਕ

ਮੈਲਬਰਨ : ਪੈਰਿਸ ਵਿਚ ਫਰਾਂਸ ਦੇ ਖੱਬੇਪੱਖੀਆਂ ਦੀ ਕੱਟੜ-ਸੱਜੇ ਪੱਖ ‘ਤੇ ਅਣਕਿਆਸੀ ਜਿੱਤ ਤੋਂ ਬਾਅਦ ਦੰਗੇ ਭੜਕ ਗਏ ਹਨ। ਸੜਕਾਂ ‘ਤੇ ਕਈ ਲੋਕਾਂ ਨੇ ਅੱਗ ਲਗਾ ਦਿੱਤੀ, ਕਈ ਥਾਵਾਂ ’ਤੇ ਲੋਕਾਂ ਨੂੰ ਪੁਲਿਸ ਨਾਲ ਭਿੜਦਿਆਂ ਵੇਖਿਆ ਗਿਆ। ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪੁਲਿਸ ਨੇ ਅੱਥਰੂ ਗੈਸ ਦੀ ਵਰਤੋਂ ਕੀਤੀ।

ਰਾਸ਼ਟਰਪਤੀ ਮੈਕਰੋਨ ਵੱਲੋਂ ਸਮੇਂ ਤੋਂ ਤਿੰਨ ਸਾਲ ਪਹਿਲਾਂ ਹੀ ਕਰਵਾਈਆਂ ਗਈਆਂ ਚੋਣਾਂ ’ਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ, ਜਿਸ ਨਾਲ ਪੈਰਿਸ ਓਲੰਪਿਕ ਤੋਂ ਕੁਝ ਹਫ਼ਤੇ ਪਹਿਲਾਂ ਫਰਾਂਸ ਰਾਜਨੀਤਿਕ ਅਨਿਸ਼ਚਿਤਤਾ ਵਿੱਚ ਪੈ ਗਿਆ ਹੈ।

ਪ੍ਰਧਾਨ ਮੰਤਰੀ ਗੈਬਰੀਅਲ ਅਟਲ ਅਸਤੀਫਾ ਦੇਣ ਦੀ ਯੋਜਨਾ ਬਣਾ ਰਹੇ ਹਨ ਪਰ ਉਹ ਕਾਰਜਕਾਰੀ ਭੂਮਿਕਾ ਵਿੱਚ ਰਹਿ ਸਕਦੇ ਹਨ। ਖੱਬੇਪੱਖੀ ਸੰਸਦ ਵਿਚ ਸਭ ਤੋਂ ਵੱਡਾ ਸਮੂਹ ਬਣਨ ਲਈ ਤਿਆਰ ਹਨ ਪਰ ਉਨ੍ਹਾਂ ਨੇ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਨਹੀਂ ਚੁਣਿਆ ਹੈ।