Christchurch ਦੇ ਵਿਅਕਤੀ ਨੇ ਕਬੂਲਿਆ ਪੰਜਾਬੀ ਬਜ਼ੁਰਗ ਨੂੰ ਕਤਲ ਕਰਨ ਦਾ ਜੁਰਮ, ਜਾਣੋ ਕਦੋਂ ਸੁਣਾਈ ਜਾਵੇਗੀ ਸਜ਼ਾ

ਮੈਲਬਰਨ : ਨਿਊਜ਼ੀਲੈਂਡ ਦੇ ਸ਼ਹਿਰ Christchurch ਵਾਸੀ 32 ਸਾਲ ਦੇ ਵਿਅਕਤੀ ਨੇ ਪਿਛਲੇ ਸਾਲ 7 ਅਪ੍ਰੈਲ ਨੂੰ ਇੱਕ ਪੰਜਾਬੀ ਮੂਲ ਦੇ ਇੱਕ ਬਜ਼ੁਰਗ ਨੂੰ ਮੁੱਕਾ ਮਾਰ ਕੇ ਕਤਲ ਕਰਨ ਦੇ ਜੁਰਮ ਨੂੰ ਕਬੂਲ ਕਰ ਲਿਆ ਹੈ। ਇਹ ਵਿਅਕਤੀ ਆਪਣੇ ਸ਼ਰਾਰਤੀ ਬੱਚੇ ਨੂੰ ਸਜ਼ਾ ਦੇਣ ਲਈ ਇਕੱਲਾ ਪਾਰਕ ’ਚ ਛੱਡ ਆਇਆ ਸੀ, ਜਿਸ ’ਤੇ ਤਰਸ ਖਾ ਕੇ ਮੇਵਾ ਸਿੰਘ (60) ਉਸ ਦੀ ਬਾਂਹ ਫੜ ਕੇ ਉਸ ਨੂੰ ਉਸ ਦੇ ਘਰ ਛੱਡਣ ਲਈ ਲੈ ਤੁਰਿਆ। ਪਰ ਥੋੜ੍ਹੀ ਦੇਰ ਬਾਅਦ ਜਦੋਂ ਬੱਚੇ ਦਾ ਪਿਤਾ ਪਾਰਕ ਪਰਤਿਆ ਤਾਂ ਉਸ ਨੇ ਸਮਝਿਆ ਕਿ ਮੇਵਾ ਸਿੰਘ ਬੱਚੇ ਨੂੰ ਅਗਵਾ ਕਰਨ ਜਾ ਰਿਹਾ। ਉਸ ਨੇ ਆਪਣੇ ਬੱਚੇ ਨੂੰ ਮੇਵਾ ਸਿੰਘ ਤੋਂ ਖੋਹ ਲਿਆ ਅਤੇ ਘਰ ਛੱਡ ਕੇ ਆਇਆ।

ਮੁੰਡੇ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਮੇਵਾ ਸਿੰਘ ਉਸ ਨੂੰ ਡੈਡੀ ਦੀ ਕਾਰ ਤੱਕ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਗੁੱਸੇ ’ਚ ਉਸ ਆਦਮੀ ਨੇ ਆਪਣੇ ਬੱਚੇ ’ਤੇ ਯਕੀਨ ਨਹੀਂ ਕੀਤਾ ਅਤੇ ਸਾਬਕਾ ਪਤਨੀ ਦੇ ਰੋਕਣ ਦੇ ਬਾਵਜੂਦ ਵਾਪਸ ਪਾਰਕ ਆ ਕੇ ਮੇਵਾ ਸਿੰਘ ਨਾਲ ਬਹਿਸ ਕਰ ਕੇ ਉਸ ਦੇ ਜਬਾੜੇ ’ਤੇ ਜ਼ੋਰ ਦੀ ਮੁੱਕਾ ਜੜ ਦਿੱਤਾ। ਮੇਵਾ ਸਿੰਘ ਡਿੱਗ ਗਿਆ ਅਤੇ ਉਸ ਦਾ ਸਿਰ ਪੇਵਮੈਂਟ ’ਤੇ ਵੱਜਾ ਜਿਸ ਕਾਰਨ ਉਸ ਦੀ ਖੋਪੜੀ ਟੁੱਟ ਗਈ। ਦੋ ਦਿਨ ਬਾਅਦ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ। ਉਨ੍ਹੀਂ ਦਿਨੀਂ ਮੇਵਾ ਸਿੰਘ ਆਪਣੇ ਬੇਟੇ ਅਤੇ ਪੋਤੇ ਨੂੰ ਮਿਲਣ ਲਈ ਨਿਊਜ਼ੀਲੈਂਡ ਆਇਆ ਸੀ ਅਤੇ ਲਗਭਗ ਚਾਰ ਮਹੀਨਿਆਂ ਤੋਂ ਦੇਸ਼ ਵਿਚ ਸੀ।

ਇਹ 32 ਸਾਲ ਦੇ ਇਸ ਵਿਅਕਤੀ ਦੀ ਅਜੇ ਤਕ ਪਛਾਣ ਜ਼ਾਹਰ ਨਹੀਂ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਉਹ ਕ੍ਰਾਈਸਟਚਰਚ ਹਾਈ ਕੋਰਟ ‘ਚ ਪੇਸ਼ ਹੋਇਆ, ਜਿੱਥੇ ਉਸ ਨੇ ਮੇਵਾ ਸਿੰਘ ਦੇ ਕਤਲ ਦਾ ਦੋਸ਼ ਕਬੂਲ ਕਰ ਲਿਆ। ਅਕਤੂਬਰ ਵਿੱਚ ਉਸ ਨੂੰ ਸਜ਼ਾ ਸੁਣਾਈ ਜਾਵੇਗੀ।