ਮੈਲਬਰਨ : ਭਾਰਤ ਅਤੇ ਆਸਟ੍ਰੇਲੀਆ ਨੇ ਦੁਵੱਲੇ ਰੱਖਿਆ ਸਹਿਯੋਗ ਨਾਲ ਜੁੜੇ ਕਈ ਮੁੱਦਿਆਂ ਦੀ ਸਮੀਖਿਆ ਕੀਤੀ ਅਤੇ ਹਿੰਦ-ਪ੍ਰਸ਼ਾਂਤ ਖੇਤਰ (Indo-Pacific region) ਵਿਚ ਦੋਵਾਂ ਦੇਸ਼ਾਂ ਵਿਚਾਲੇ ਨੇੜਲੇ ਸਹਿਯੋਗ ‘ਤੇ ਸਪੱਸ਼ਟ ਧਿਆਨ ਕੇਂਦਰਿਤ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਨਾਲ ਟੈਲੀਫੋਨ ‘ਤੇ ਗੱਲਬਾਤ ਤੋਂ ਬਾਅਦ ਕਿਹਾ, ‘‘ਅਸੀਂ ਭਾਰਤ-ਆਸਟ੍ਰੇਲੀਆ ਵਿਆਪਕ ਰਣਨੀਤਕ ਭਾਈਵਾਲੀ ਨੂੰ ਬਹੁਤ ਮਹੱਤਵ ਦਿੰਦੇ ਹਾਂ।’’ ਆਸਟ੍ਰੇਲੀਆ 2024 ‘ਚ ਜਾਰੀ ਆਪਣੇ ਰਾਸ਼ਟਰੀ ਰੱਖਿਆ ਰਣਨੀਤੀ ਦਸਤਾਵੇਜ਼ ‘ਚ ਭਾਰਤ ਨੂੰ ਚੋਟੀ ਦਾ ਸੁਰੱਖਿਆ ਭਾਈਵਾਲ ਮੰਨਦਾ ਹੈ। ਭਾਰਤੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਰਿਚਰਡ ਮਾਰਲਸ ਨੇ ਰਾਜਨਾਥ ਸਿੰਘ ਨੂੰ ਲਗਾਤਾਰ ਦੂਜੀ ਵਾਰ ਰੱਖਿਆ ਮੰਤਰੀ ਵਜੋਂ ਅਹੁਦਾ ਸੰਭਾਲਣ ਲਈ ਵਧਾਈ ਦਿੱਤੀ ਅਤੇ ਭਾਰਤੀ ਲੋਕਤੰਤਰੀ ਪ੍ਰਣਾਲੀ ਦੇ ਕੰਮਕਾਜ ਦੀ ਸ਼ਲਾਘਾ ਕੀਤੀ ਜਿਸ ਵਿੱਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟ ਪਾਈ। ਉਨ੍ਹਾਂ ਨੇ ਟੀਮ ਇੰਡੀਆ ਦੇ ਟੀ-20 ਵਿਸ਼ਵ ਕੱਪ ਜਿੱਤਣ ‘ਤੇ ਰਾਜਨਾਥ ਸਿੰਘ ਨੂੰ ਵਧਾਈ ਵੀ ਦਿੱਤੀ।