ਆਸਟ੍ਰੇਲੀਆ ’ਚ ਕੜਾਕੇ ਦੀ ਸਰਦੀ, ਇਸ ਸਟੇਟ ’ਚ ਤਾਪਮਾਨ ਨੇ ਤੋੜੇ ਸਾਰੇ ਰੀਕਾਰਡ

ਮੈਲਬਰਨ : ਤਸਮਾਨੀਆ ਦੇ ਇਕ ਮੌਸਮ ਕੇਂਦਰ ਨੇ ਜੁਲਾਈ ਵਿਚ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਲਿਆਵੇਨੀ ਦੇ ਇਕ ਮੌਸਮ ਕੇਂਦਰ ਨੇ ਬੁੱਧਵਾਰ ਸਵੇਰੇ 6 ਵਜੇ ਤੋਂ ਬਾਅਦ ਘੱਟੋ-ਘੱਟ ਤਾਪਮਾਨ -12.9 ਡਿਗਰੀ ਦਰਜ ਕੀਤਾ। ਇਹ ਤਸਮਾਨੀਆ ਦਾ ਜੁਲਾਈ ਦਾ ਸਭ ਤੋਂ ਘੱਟ ਤਾਪਮਾਨ ਸੀ, ਜਿਸ ਨੇ 1 ਜੁਲਾਈ, 1983 ਨੂੰ ਬਟਲਰ ਗੋਰਜ ਦੇ -12.5 ਡਿਗਰੀ ਦੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ ਸੀ। ਲੌਨਸੇਸਟਨ ਦਾ ਘੱਟੋ-ਘੱਟ ਤਾਪਮਾਨ ਬੁੱਧਵਾਰ ਨੂੰ -3.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੇ ਸੱਤ ਸਾਲਾਂ ਵਿਚ ਜੁਲਾਈ ਦੀ ਸਭ ਤੋਂ ਠੰਢੀ ਸਵੇਰ ਸੀ।

ਇਸ ਦੌਰਾਨ ਬਾਹਰੀ ਮੈਲਬਰਨ ਦੇ ਵਸਨੀਕਾਂ ਲਈ ਇਹ ਸਾਲ ਦੀ ਹੁਣ ਤੱਕ ਦੀ ਸਭ ਤੋਂ ਠੰਢੀ ਸਵੇਰ ਰਹੀ, ਜਿੱਥੇ ਘੱਟੋ-ਘੱਟ ਤਾਪਮਾਨ ਜ਼ੀਰੋ ਡਿਗਰੀ ਹੋਣ ਦੀ ਭਵਿੱਖਬਾਣੀ ਕੀਤੀ ਗਈ ਸੀ। ਸ਼ਹਿਰ ਦੇ ਕੇਂਦਰ ਵਿਚ ਪਾਰਾ ਸਿਰਫ 1 ਡਿਗਰੀ ਤੋਂ ਵੱਧ ਸੀ, ਜਦੋਂ ਕਿ ਪੱਛਮੀ ਅਤੇ ਦੱਖਣ-ਪੱਛਮੀ ਸਬਅਰਬ’ਜ਼ ਵਿਚ ਇਹ 0 ਡਿਗਰੀ ਰਿਹਾ। ਵਿਕਟੋਰੀਆ ਦੇ ਹੋਰ, ਹੋਰਸ਼ਮ, ਬੈਂਡੀਗੋ, ਬਲਾਰਾਟ, ਗੀਲੋਂਗ ਅਤੇ ਮਾਰਨਿੰਗਟਨ ਪ੍ਰਾਇਦੀਪ ਵਿਚ ਤਾਪਮਾਨ -1 ਡਿਗਰੀ ਅਤੇ -3 ਡਿਗਰੀ ਦੇ ਵਿਚਕਾਰ ਡਿੱਗ ਗਿਆ। ਮੌਸਮ ਵਿਗਿਆਨ ਬਿਊਰੋ ਮੁਤਾਬਕ ਤਸਮਾਨੀਆ, ਦੱਖਣੀ ਆਸਟ੍ਰੇਲੀਆ ਅਤੇ ਦੱਖਣੀ ਪੱਛਮੀ ਆਸਟ੍ਰੇਲੀਆ ਦੇ ਵਸਨੀਕਾਂ ਨੇ ਵੀ ਅੱਜ ਸਵੇਰੇ ਠੰਢ ਮਹਿਸੂਸ ਕੀਤੀ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਉੱਚ ਦਬਾਅ ਪ੍ਰਣਾਲੀ ਅਗਲੇ ਕੁਝ ਦਿਨਾਂ ਵਿਚ ਦੱਖਣ-ਪੂਰਬੀ ਆਸਟ੍ਰੇਲੀਆ ਵਿਚ ਕੜਾਕੇ ਨਾਲ ਠੰਡਾ ਤਾਪਮਾਨ ਪੈਦਾ ਕਰਨਾ ਜਾਰੀ ਰੱਖੇਗੀ।