ਅਰਬਪਤੀ Warren Buffett ਨੇ ਖੁਲਾਸਾ ਕੀਤਾ ਮੌਤ ਤੋਂ ਬਾਅਦ ਕਿਸ ਨੂੰ ਜਾਵੇਗੀ ਸਾਰੀ ਜਾਇਦਾਦ

ਮੈਲਬਰਨ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿਚੋਂ ਇਕ Warren Buffett ਨੇ ਆਪਣੀ ਵਸੀਅਤ ਵਿਚ ਸੋਧ ਕੀਤੀ ਹੈ। ਆਪਣੀ ਮੌਤ ਤੋਂ ਬਾਅਦ, ਉਹ ਹੁਣ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਵਿੱਚ ਯੋਗਦਾਨ ਪਾਉਣ ਦਾ ਇਰਾਦਾ ਨਹੀਂ ਰੱਖਦੇ। ਇਸ ਦੀ ਬਜਾਏ, ਉਹ ਆਪਣੇ ਤਿੰਨ ਬੱਚਿਆਂ ਦੀ ਨਿਗਰਾਨੀ ਵਿੱਚ ਇੱਕ ਨਵਾਂ ਚੈਰੀਟੇਬਲ ਟਰੱਸਟ ਸਥਾਪਤ ਕਰਨ ਦੀ ਯੋਜਨਾ ਬਣਾ ਰਹੇ ਹਨ। ਬਫੇਟ ਨੇ ਆਪਣੇ ਬੱਚਿਆਂ ’ਤੇ ਭਰੋਸਾ ਜ਼ਾਹਰ ਕੀਤਾ ਹੈ ਕਿ ਉਹ ਉਨ੍ਹਾਂ ਦੀ ਦੌਲਤ ਦਾ ਪ੍ਰਬੰਧਨ ਕਰ ਸਕਦੇ ਹਨ। ਉਨ੍ਹਾਂ ਦੀ ਕੁੱਲ ਜਾਇਦਾਦ ਲਗਭਗ 43 ਬਿਲੀਅਨ ਅਮਰੀਕੀ ਡਾਲਰ ਹੈ।

ਇਸ ਤੋਂ ਪਹਿਲਾਂ, ਉਨ੍ਹਾਂ ਨੇ ਆਪਣੀ ਜਾਇਦਾਦ ਦਾ 99٪ ਤੋਂ ਵੱਧ ਹਿੱਸਾ ਦਾਨ-ਪੁੰਨ ਦੇ ਉਦੇਸ਼ਾਂ ਲਈ ਅਲਾਟ ਕੀਤਾ ਸੀ, ਜਿਸ ਵਿੱਚ ਗੇਟਸ ਫਾਊਂਡੇਸ਼ਨ ਵੀ ਸ਼ਾਮਲ ਸੀ। ਹਾਲਾਂਕਿ, ਫਿਲਹਾਲ, ਉਹ ਆਪਣੇ ਜੀਵਨਕਾਲ ਦੌਰਾਨ ਗੇਟਸ ਫਾਊਂਡੇਸ਼ਨ ਲਈ ਦਾਨ ਕਰਨਾ ਜਾਰੀ ਰਖਣਗੇ। ਅਰਬਪਤੀ ਬਿਲ ਗੇਟਸ ਦੀ ਪਤਨੀ ਮੇਲਿੰਡਾ ਗੇਟਸ ਨੇ ਭਾਵੇਂ ਗੇਟਸ ਫਾਊਂਡੇਸ਼ਨ ਛੱਡ ਦਿੱਤੀ ਹੈ, ਪਰ ਫਾਊਂਡੇਸ਼ਨ ਦਾ ਨਾਮ, ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ, ਬਦਲਿਆ ਨਹੀਂ ਹੈ।