ਮੈਲਬਰਨ : ਨਿਊਜ਼ੀਲੈਂਡ ’ਚ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ ਕਈ ਲੋਕਾਂ ਵੱਲੋਂ ਸ਼ਿਕਾਇਤ ਕਰਨ ਤੋਂ ਬਾਅਦ ਇਕ ਔਰਤ ਨੂੰ ਫੜਿਆ ਹੈ ਜੋ ਹੱਦ ਤੋਂ ਪੰਜ ਗੁਣਾ ਜ਼ਿਆਦਾ ਸ਼ਰਾਬ ਪੀ ਕੇ 300 ਕਿਲੋਮੀਟਰ ਤਕ ਡਾਈਵਿੰਗ ਕਰਦੀ ਰਹੀ। ਇਹ ਔਰਤ ਨਿਊ ਪਲਾਈਮਾਊਥ ਤੋਂ ਰੋਟੋਰੂਆ ਜਾ ਰਹੀ ਸੀ। ਲੋਕਾਂ ਨੇ ਹਾਈਵੇ 30 ‘ਤੇ ਇੱਕ ਗੱਡੀ ਦੇ ‘ਵੰਗੇ ਟੇਢੇ’ ਢੰਗ ਨਾਲ ਚਲਾਏ ਜਾਣ ਦੀ ਰਿਪੋਰਟ ਕੀਤੀ। ਇੰਸਪੈਕਟਰ ਫਿਲ ਗਿਲਬੈਂਕਸ ਨੇ ਕਿਹਾ, ‘‘ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਡਰਾਈਵਰ ਦੇ ਸਾਹ ’ਚ ਸ਼ਰਾਬ ਦੀ ਕਾਨੂੰਨੀ ਹੱਦ ਨੂੰ ਪੰਜ ਗੁਣਾ ਵੱਧ ਪਾਇਆ ਗਿਆ।’’
ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਅਧਿਕਾਰੀਆਂ ਨੂੰ ਪਤਾ ਲੱਗਾ ਕਿ 48 ਸਾਲ ਦੀ ਬੇ ਆਫ ਪਲੈਂਟੀ ਵਾਸੀ ਔਰਤ ਨਿਊ ਪਲਾਈਮਾਊਥ ਤੋਂ ਆਈ ਸੀ ਅਤੇ ਰਸਤੇ ਵਿਚ ਉਸ ਨੂੰ ਲਾਪਰਵਾਹੀ ਨਾਲ ਡਰਾਈਵਿੰਗ ਦੀਆਂ ਕਈ ਸ਼ਿਕਾਇਤਾਂ ਦਾ ਸਾਹਮਣਾ ਕਰਨਾ ਪਿਆ, ਿਜੱਥੇ ਲੋਕਾਂ ਨੇ ਬਹੁਤ ਮੁਸ਼ਕਲ ਨਾਲ ਟੱਕਰ ਤੋਂ ਬਚਾਅ ਕੀਤਾ। ਗਿਲਬੈਂਕਸ ਨੇ ਪੁਸ਼ਟੀ ਕੀਤੀ ਕਿ ਔਰਤ ਨੂੰ ਰੋਟੋਰੂਆ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।