ਇੱਕ ਜੁਲਾਈ ਤੋਂ ਆਸਟ੍ਰੇਲੀਅਨ ਇਮੀਗਰੇਸ਼ਨ ਲਾਗੂ ਕਰੇਗੀ ਕਿਹੜੀਆਂ ਅਹਿਮ ਤਬਦੀਲੀਆਂ ? ਪੜ੍ਹੋ, ਪੂਰੀ ਰਿਪੋਰਟ

ਇੱਕ ਜੁਲਾਈ 2024 ਤੋਂ ਆਸਟ੍ਰੇਲੀਆ ਸਰਕਾਰ ਵੱਖ-ਵੱਖ ਵੀਜ਼ਾ ਪ੍ਰੋਗਰਾਮਾਂ ਅਤੇ ਸ਼ਰਤਾਂ ਨੂੰ ਪ੍ਰਭਾਵਤ ਕਰਨ ਵਾਲੀਆਂ ਮਹੱਤਵਪੂਰਣ ਇਮੀਗਰੇਸ਼ਨ ਤਬਦੀਲੀਆਂ ਲਾਗੂ ਕਰੇਗੀ, ਜੋ ਹੇਠਾਂ ਲਿਖੇ ਅਨੁਸਾਰ ਹਨ।

ਫ਼ੀਸ : ਆਸਟ੍ਰੇਲੀਆ ਦਾ ਪਾਸਪੋਰਟ ਪ੍ਰਾਪਤ ਕਰਨ ਜਾਂ ਰੀਨਿਊ ਕਰਨ ਲਈ ਸਭ ਵਿਭਾਗਾਂ ਦੀਆਂ ਫ਼ੀਸਾਂ 1 ਜੁਲਾਈ ਤੋਂ ਵਧਣਗੀਆਂ। ਜੋ 1 ਜੁਲਾਈ ਤੋਂ ਪਹਿਲਾਂ ਫ਼ਾਈਲਾਂ ਜਮ੍ਹਾਂ ਕਰਵਾ ਸਕਦੇ ਹਨ ਉਹ 30 ਜੂਨ ਤਕ ਪੁਰਾਣੀ ਫ਼ੀਸ ਦਾ ਲਾਹਾ ਲੈ ਸਕਣਗੇ ਕਿਉਂਕਿ 1 ਜੁਲਾਈ ਤੋਂ 18 ਤੋਂ 59 ਸਾਲ ਦੀ ਉਮਰ ਦੇ ਆਸਟ੍ਰੇਲੀਆਈ ਪਰਮਾਨੈਂਟ ਰੈਜ਼ੀਡੈਂਟ ਬਣਨ ਲਈ ਸਿਟੀਜ਼ਨਸ਼ਿਪ ਐਪਲੀਕੇਸ਼ਨਜ਼ ਦੀ ਫ਼ੀਸ ਨੂੰ ਮੌਜੂਦਾ 540 ਡਾਲਰ ਤੋਂ ਵਧਾ ਕੇ 560 ਡਾਲਰ ਕਰ ਦਿੱਤਾ ਜਾਵੇਗਾ। ਗੋਦ ਲੈਣ ਦੀਆਂ ਐਪਲੀਕੇਸ਼ਨਜ਼ ਰਾਹੀਂ ਨਾਗਰਿਕਤਾ ਵੀ ਪਹਿਲੇ ਭੈਣ-ਭਰਾ ਲਈ 345 ਡਾਲਰ ਤੋਂ ਵਧਾ ਕੇ 360 ਡਾਲਰ ਅਤੇ ਵਾਧੂ ਭੈਣ-ਭਰਾਵਾਂ ਲਈ 145 ਡਾਲਰ ਤੋਂ ਵਧਾ ਕੇ 150 ਡਾਲਰ ਕਰ ਦਿੱਤੀ ਜਾਵੇਗੀ। ਦੂਜੇ ਪਾਸੇ, 16 ਸਾਲ ਤੋਂ ਘੱਟ ਉਮਰ ਦੇ ਬੱਚੇ ਜੋ ਜ਼ਿੰਮੇਵਾਰ ਮਾਪੇ ਵਜੋਂ ਉਸੇ ਫਾਰਮ ‘ਤੇ ਅਰਜ਼ੀ ਦਿੰਦੇ ਹਨ, ਉਨ੍ਹਾਂ ਨੂੰ ਨਾਗਰਿਕਤਾ ਅਰਜ਼ੀ ਪ੍ਰਕਿਰਿਆਵਾਂ ਬਾਰੇ ਅਪਡੇਟ ਕੀਤੀਆਂ ਤਬਦੀਲੀਆਂ ਤੋਂ ਛੋਟ ਦਿੱਤੀ ਜਾਂਦੀ ਹੈ।

485 ਵੀਜ਼ਾ : 30 ਜੂਨ ਨੂੰ ਰਿਪਲੇਸਮੈਂਟ ਸਕੀਮ ਬੰਦ ਹੋਵੇਗੀ। ਕੁੱਝ ਡਿਗਰੀਆਂ ਲਈ 2 ਸਾਲਾਂ ਦੀ ਸ਼ੁਰੂ ਕੀਤੀ ਐਕਸਟੈਂਸ਼ਨ ਵੀ ਬੰਦ ਹੋਵੇਗੀ। ਸਭ ਤੋਂ ਵੱਡੀ ਤਬਦੀਲੀ ਉਮਰ ਬਾਰੇ ਹੈ ਜਿਸ ’ਚ 35 ਸਾਲ ਤੋਂ ਵੱਧ ਉਮਰ ਵਾਲੇ 485 ਵੀਜ਼ਾ ਲਈ ਅਪਲਾਈ ਨਹੀਂ ਕਰ ਸਕਣਗੇ।

ਸਟੂਡੈਂਟ ਵੀਜ਼ਾ : ਵੀਜ਼ਾ ਹੌਪਿੰਗ ਬੰਦ ਹੋਵੇਗੀ। ਇਸ ਅਨੁਸਾਰ ਆਸਟ੍ਰੇਲੀਆ ’ਚ ਰਹਿਣ ਦੌਰਾਨ ਟੈਂਪਰੇਰੀ ਗਰੈਜੁਏਟ, ਵਿਜ਼ੀਟਰ ਅਤੇ ਮੈਰੀਟਾਈਮ ਕਰਿਊ ਵੀਜ਼ਾ ਹੋਲਡਰ ਸਟੂਡੈਂਟ ਵੀਜ਼ਾ ਪ੍ਰਾਪਤ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਜਿਹੜੀਆਂ ਹੋਰ ਸਬ-ਕਲਾਸ ਸਟੂਡੈਂਟ ਵੀਜ਼ਾ ਨਹੀਂ ਪਾ ਸਕਣਗੀਆਂ ਉਨ੍ਹਾਂ ’ਚ 485, 600, 602, 651, 988 ਸ਼ਾਮਲ ਹਨ। 465 ਲਈ ਐਪਲੀਕੇਸ਼ਨਾਂ ਵੀ 30 ਜੂਨ ਤੋਂ ਬੰਦ ਹੋਣਗੀਆਂ।

ਸਪਾਂਸਰਡ ਵੀਜ਼ਾ : ਬਹੁਤ ਸਾਰੇ ਡਿਪਾਰਟਮੈਂਟ ਇੰਪਲੋਈ ਸਪਾਂਸਰਡ ਵੀਜ਼ਾ ਦੇ ਰਹੇ ਹਨ। ਇਸ ’ਚ ਵੀ ਵੱਡੀ ਤਬਦੀਲੀ ਹੋ ਰਹੀ ਹੈ ਕਿ ਜੇਕਰ ਤੁਹਾਡੇ ਪੁਰਾਣੇ ਸਪਾਂਸਰ ਨੇ ਤੁਹਾਡਾ ਕੰਟਰੈਂਟ ਟਰਮੀਨੇਟ ਕਰ ਦਿੱਤਾ ਹੈ ਅਤੇ ਤੁਸੀਂ ਨਵਾਂ ਸਪਾਂਸਰ ਲੱਭ ਰਹੇ ਹੋ ਤਾਂ ਇਸ ਦੌਰਾਨ ਉਡੀਕ ਦੇ ਸਮੇਂ ਨੂੰ 60 ਦਿਨਾਂ ਤੋਂ ਵਧਾ ਕੇ 180 ਦਿਨਾਂ ਦਾ ਕਰ ਦਿੱਤਾ ਗਿਆ ਹੈ, ਜਿਸ ਦੌਰਾਨ ਤੁਸੀਂ ਨਵੀਂ ਸਪਾਂਸਰਸ਼ਿਪ ਪ੍ਰਾਪਤ ਕਰ ਸਕਦੇ ਹੋ, ਨਵਾਂ ਵੀਜ਼ਾ ਅਪਲਾਈ ਕਰ ਸਕਦੇ ਹੋ ਜਾਂ ਦੇਸ਼ ਛੱਡ ਸਕਦੇ ਹੋ। ਇਹੀ ਨਹੀਂ ਇਸ ਸਮੇਂ ਦੌਰਾਨ ਹੋਰ ਕਿਸੇ ਵੀ ਕਿੱਤੇ ’ਚ ਕੰਮ ਕਰ ਸਕਦੇ ਹੋ। ਸਪਾਂਸਰ ਨੂੰ ਤਬਦੀਲੀ ਦੀ ਸੂਚਨਾ 28 ਦਿਨਾਂ ਅੰਦਰ ਦੇਣੀ ਹੋਵੇਗੀ।

ਇਸ ਤੋਂ ਇਲਾਵਾ ਨਵੀਂ ਕੈਟੇਗਰੀ ਵੀ ਸ਼ੁਰੂ ਹੋ ਰਹੀ ਹੈ ਜਿਸ ’ਚ ਫ਼ਿਲੀਪੀਨਜ਼ ਪਾਸਪੋਰਟ ਹੋਲਡਰ ਵਰਕ ਐਂਡ ਹੋਲੀਡੇ ਵੀਜ਼ਾ ਐਪਲੀਕੇਸ਼ਨਾਂ ਜਮ੍ਹਾਂ ਕਰਵਾ ਸਕਣਗੇ।

ਇਕ ਮਹੱਤਵਪੂਰਨ ਗੱਲ ਇਹ ਹੈ ਕਿ ਇਮੀਗ੍ਰੇਸ਼ਨ ਅਕਾਊਂਟ 30 ਜੂਨ ਨੂੰ ਦੁਪਹਿਰ 2 ਵਜੇ ਬੰਦ ਹੋ ਜਾਵੇਗਾ ਅਤੇ ਫਿਰ 1 ਜੁਲਾਈ ਨੂੰ ਸਵੇਰੇ 9 ਵਜੇ ਖੁੱਲ੍ਹੇਗਾ। ਆਪਣੀਆਂ ਐਪਲੀਕੇਸ਼ਨਾਂ 29 ਜੂਨ ਤਕ ਹੀ ਦਾਖ਼ਲ ਕਰ ਦਵੋ, ਕਿਉਂਕਿ ਸਿਸਟਮ ਡਾਊਨ ਜਾਣ ਦੇ ਮਾਮਲੇ ’ਚ ਤੁਹਾਡੀ ਐਪਲੀਕੇਸ਼ਨ ’ਤੇ ਅਸਰ ਪੈ ਸਕਦਾ ਹੈ। ਇਸ ਦੌਰਾਨ ਫ਼ਾਈਲ ਜਮ੍ਹਾਂ ਕਰਵਾਉਂਦੇ ਹੋਏ ਜੇਕਰ ਟੈਕਨੀਕਲ ਸਮੱਸਿਆ ਆਵੇ ਤਾਂ ਸਬੂਤ ਵੱਜੋਂ ਸਕ੍ਰੀਨਸ਼ਾਟ ਲੈ ਸਕਦੇ ਹੋ ਜਿਸ ’ਚ ਟਾਈਮਸਟੈਂਪ ਹੋਵੇ।