ਨਵੇਂ ਟੈਕਸਾਂ ਦੇ ਵਿਰੋਧ ’ਚ ਕੀਨੀਆ ਦੀ ਸੰਸਦ ਅੰਦਰ ਵੜੇ ਪ੍ਰਦਰਸ਼ਨਕਾਰੀ, ਅੱਗਜ਼ਨੀ ਅਤੇ ਤੋੜਭੰਨ ਤੋਂ ਬਾਅਦ ਪੁਲਿਸ ਕਾਰਵਾਈ ’ਚ ਗਈਆਂ ਕਈ ਜਾਨਾਂ

ਮੈਲਬਰਨ : ਕੀਨੀਆ ਦੀ ਰਾਜਧਾਨੀ ਨੈਰੋਬੀ ਵਿਚ ਮੰਗਲਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਭੀੜ ਨੇ ਪੁਲਿਸ ‘ਤੇ ਪੱਥਰ ਸੁੱਟੇ, ਬੈਰੀਕੇਡ ਪਾਰ ਕੀਤੇ ਅਤੇ ਸੰਸਦ ਦੇ ਮੈਦਾਨ ਵਿਚ ਦਾਖਲ ਹੋ ਗਏ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀਆਂ ਚਲਾਈਆਂ, ਜਿਸ ਵਿੱਚ 13 ਲੋਕਾਂ ਦੇ ਮਾਰੇ ਜਾਣ ਤੋਂ ਇਲਾਵਾ ਦਰਜਨਾਂ ਲੋਕ ਜ਼ਖਮੀ ਹੋ ਗਏ। ਕੀਨੀਆ ਦੀ ਰਾਜਧਾਨੀ ਨੈਰੋਬੀ ‘ਚ ਸੰਸਦ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਦਰਸ਼ਨਕਾਰੀਆਂ ‘ਤੇ ਪੁਲਸ ਨੇ ਗੋਲੀਬਾਰੀ ਕੀਤੀ ਜਿਸ ‘ਚ 31 ਹੋਰ ਜ਼ਖਮੀ ਵੀ ਹੋ ਗਏ। ਸੰਸਦ ਭਵਨ ਅਤੇ ਨੈਰੋਬੀ ਸਿਟੀ ਹਾਲ ਦੇ ਕੁਝ ਹਿੱਸਿਆਂ ਨੂੰ ਅੱਗ ਲਾ ਦਿੱਤੀ ਗਈ।

ਪ੍ਰਦਰਸ਼ਨਕਾਰੀ ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਦੀ ਤੇਲ ਦੀਆਂ ਕੀਮਤਾਂ ਅਤੇ ਨਿਰਯਾਤ ਟੈਕਸ ਵਧਾਉਣ ਦੀ ਯੋਜਨਾ ਦਾ ਵਿਰੋਧ ਕਰ ਰਹੇ ਸਨ। ਮੰਗਲਵਾਰ ਨੂੰ ਨੈਰੋਬੀ ਵਿੱਚ ਹਫੜਾ-ਦਫੜੀ ਫੈਲਣ ਤੱਕ ਦੇਸ਼ ਭਰ ਵਿੱਚ ਕਈ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਕਾਫ਼ੀ ਹੱਦ ਤੱਕ ਸ਼ਾਂਤੀਪੂਰਨ ਰਹੇ ਸਨ। ਪਰ ਸੰਸਦ ਮੈਂਬਰਾਂ ਨੇ ਬਿੱਲ ਨੂੰ ਪਾਸ ਕਰਨ ਲਈ ਵੋਟ ਪਾਈ ਜਿਸ ਤੋਂ ਬਾਅਦ ਹਿੰਸਾ ਭੜਕ ਗਈ। ਸੰਸਦ ਮੈਂਬਰਾਂ ਨੇ ਸੁਰੰਗ ਰਾਹੀਂ ਭੱਜ ਕੇ ਅਪਣੀ ਜਾਨ ਬਚਾਈ। ਬਾਅਦ ਵਿਚ ਅੱਗ ‘ਤੇ ਕਾਬੂ ਪਾ ਲਿਆ ਗਿਆ।

ਰਾਸ਼ਟਰਪਤੀ ਵਿਲੀਅਮ ਰੂਟੋ ਨੇ ਕਿਹਾ ਕਿ ਅੱਜ ਕੀਨੀਆ ਨੇ ਆਪਣੇ ਲੋਕਤੰਤਰ, ਕਾਨੂੰਨ ਦੇ ਸ਼ਾਸਨ ਅਤੇ ਸੰਵਿਧਾਨਕ ਸੰਸਥਾਵਾਂ ਦੀ ਅਖੰਡਤਾ ‘ਤੇ ਬੇਮਿਸਾਲ ਹਮਲੇ ਦਾ ਸਾਹਮਣਾ ਕੀਤਾ ਹੈ। ਐਮਨੈਸਟੀ ਇੰਟਰਨੈਸ਼ਨਲ ਦੇ ਕੀਨੀਆ ਚੈਪਟਰ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਕੀਤਾ ਕਿ “ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਦਾ ਪੈਟਰਨ ਤੇਜ਼ੀ ਨਾਲ ਵਿਗੜ ਰਿਹਾ ਹੈ”। ਉਸ ਨੇ ਸਰਕਾਰ ਨੂੰ ਪ੍ਰਦਰਸ਼ਨਕਾਰੀਆਂ ਦੇ ਇਕੱਠੇ ਹੋਣ ਦੇ ਅਧਿਕਾਰ ਦਾ ਸਨਮਾਨ ਕਰਨ ਦੀ ਅਪੀਲ ਕੀਤੀ। ਅਧਿਕਾਰ ਨਿਗਰਾਨ ਨੇ ਅਧਿਕਾਰੀਆਂ ‘ਤੇ ਪ੍ਰਦਰਸ਼ਨਕਾਰੀਆਂ ਨੂੰ ਅਗਵਾ ਕਰਨ ਦਾ ਵੀ ਦੋਸ਼ ਲਾਇਆ ਹੈ। ਰੂਟੋ ਨੇ ਟੈਕਸ ਵਾਧੇ ’ਤੇ ਕਾਇਮ ਰਹਿੰਦਿਆਂ “ਹਿੰਸਾ ਅਤੇ ਅਰਾਜਕਤਾ” ਵਿਰੁੱਧ ਸਖਤ ਰੁਖ ਅਪਣਾਉਣ ਦੀ ਸਹੁੰ ਖਾਧੀ ਹੈ।