ਮਹਿੰਗਾਈ ਰੇਟ ’ਚ ਵੱਡਾ ਵਾਧਾ, ਇਸ ਸਾਲ ਦੇ ਸਭ ਤੋਂ ਉੱਚੇ ਪੱਧਰ ’ਤੇ CPI

ਮੈਲਬਰਨ : ਆਸਟ੍ਰੇਲੀਆ ’ਚ ਮਹਿੰਗਾਈ ਨੇ ਇਕ ਵਾਰੀ ਫਿਰ ਸਿਰ ਚੁੱਕ ਲਿਆ ਹੈ। ਮਈ ਮਹੀਨੇ ਦੌਰਾਨ ਮਹੀਨਾਵਾਰ Consumer Price Index (CPI) ਵਧ ਕੇ 4٪ ਹੋ ਗਿਆ ਹੈ, ਜੋ ਅਪ੍ਰੈਲ ’ਚ 3.6 ਸੀ। ਇਹ ਇਸ ਸਾਲ ਦਾ ਸਭ ਤੋਂ ਉੱਚਾ ਪੱਧਰ ਹੈ ਅਤੇ ਬਾਜ਼ਾਰ ਦੀਆਂ ਭਵਿੱਖਬਾਣੀਆਂ ਨੂੰ ਵੀ ਪਾਰ ਕਰ ਗਿਆ ਹੈ। ਹਾਲਾਂਕਿ ਜੇਕਰ ਅਕਸਰ ਬਦਲਦੀਆਂ ਰਹਿਣ ਵਾਲੀਆਂ ਕੀਮਤਾਂ, ਜਿਵੇਂ ਆਟੋਮੋਟਿਵ ਫ਼ਿਊਲ, ਫ਼ਲਾਂ ਤੇ ਸਬਜ਼ੀਆਂ ਅਤੇ ਛੁੱਟੀ ਮਨਾਉਣ ਲਈ ਸਫ਼ਰ ਵਰਗੇ ਵਰਗੀਆਂ ਚੀਜ਼ਾਂ ਨੂੰ ਛੱਡ ਦੇਈਏ ਤਾਂ ਅੰਦਰੂਨੀ ਮਹਿੰਗਾਈ ਦਰ ਅਪ੍ਰੈਲ ਦੇ 4.1٪ ਤੋਂ ਘੱਟ ਕੇ 4.0٪ ਹੈ.

ਹਾਲਾਂਕਿ ਕੁੱਲ ਮਿਲਾ ਕੇ ਮਹਿੰਗਾਈ ਰੇਟ ਦਾ ਵਧਣਾ ਆਸਟ੍ਰੇਲੀਆਈ ਪਰਿਵਾਰਾਂ ਲਈ ਬੁਰੀ ਖ਼ਬਰ ਹੈ ਜੋ ਵਿਆਜ ਰੇਟ ਵਿੱਚ ਕਟੌਤੀ ਲਈ ਉਤਸੁਕ ਹਨ। ਰਿਜ਼ਰਵ ਬੈਂਕ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜਦੋਂ ਤਕ ਮਹਿੰਗਾਈ 2-3٪ ਦੇ ਟੀਚੇ ਦੀ ਹੱਦ ‘ਤੇ ਵਾਪਸ ਨਹੀਂ ਆਉਂਦੀ ਉਹ ਵਿਆਜ ਰੇਟ ’ਚ ਕਟੌਤੀ ਨਹੀਂ ਕਰੇਗਾ। ਅਚਾਨਕ ਮਹਿੰਗਾਈ ਵਿੱਚ ਵਾਧਾ ਪਿਛਲੇ ਸਾਲ ਵਿੱਚ ਰਿਹਾਇਸ਼ੀ ਲਾਗਤਾਂ 5.2٪ ਵਧਣ ਕਾਰਨ ਹੋਇਆ ਹੈ, ਜਿਸ ਵਿੱਚ ਕਿਰਾਏ ਵਿੱਚ ਮਹੱਤਵਪੂਰਣ ਵਾਧਾ ਹੋਇਆ ਹੈ।