ਮੈਲਬਰਨ : ਸਿਡਨੀ ‘ਚ ਇਕ 23 ਸਾਲ ਦੇ ਵਿਅਕਤੀ ਨੂੰ Uber ਡਰਾਈਵਰ ‘ਤੇ ਹਮਲਾ ਕਰਨ ਅਤੇ ਉਸ ਦੀ ਕਾਰ ਚੋਰੀ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਘਟਨਾ ਅੱਧੀ ਰਾਤ 12:35 ਵਜੇ ਵਾਪਰੀ ਜਦੋਂ ਪੀੜਤ ਡਰਾਈਵਰ ਨੇ ਬਾਕਸ ਹਿੱਲ ਤੋਂ ਦੋ 23 ਸਾਲ ਦੇ ਵਿਅਕਤੀਆਂ ਦੀ ਵਿੰਸਟਨ ਹਿੱਲ ਤਕ ਬੁਕਿੰਗ ਮਨਜ਼ੂਰ ਕੀਤੀ ਸੀ। ਵਿੰਸਟਨ ਹਿੱਲ ਪੁੱਜਣ ’ਤੇ 49 ਸਾਲ ਦੇ ਡਰਾਈਵਰ, ਜਿਸ ਦੀ ਅਜੇ ਤਕ ਪਛਾਣ ਜ਼ਾਹਰ ਨਹੀਂ ਕੀਤੀ ਗਈ ਹੈ, ਦੇ ਸਿਰ ਅਤੇ ਚਿਹਰੇ ’ਤੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ। ਉਸ ਨੂੰ ਹਸਪਤਾਲ ’ਚ ਇਲਾਜ ਲਈ ਭਰਤੀ ਹੋਣਾ ਪਿਆ। ਹਾਲਾਂਕਿ ਸੱਟਾਂ ਜ਼ਿਆਦਾ ਗੰਭੀਰ ਨਾ ਹੋਣ ਕਾਰਨ ਉਸ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਸ਼ੱਕੀ ਨੂੰ 12 ਘੰਟਿਆਂ ਬਾਅਦ ਉਸ ਦੇ ਘਰ ਤੋਂ ਫੜ ਲਿਆ ਗਿਆ, ਜਦੋਂ ਕਿ ਉਸ ਦੇ ਨਾਲ ਵਾਲੇ ਦੂਜੇ ਵਿਅਕਤੀ ਤੋਂ ਵੀ ਪੁੱਛਗਿੱਛ ਜਾਰੀ ਹੈ। Uber ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਡਰਾਈਵਰ ਦੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ‘ਤੇ ਜ਼ੋਰ ਦਿੱਤਾ ਹੈ। ਡਰਾਈਵਰ ਦੀ ਕਾਰ ਬਰਾਮਦ ਕਰ ਲਈ ਗਈ ਹੈ ਅਤੇ ਉਸ ਦੇ ਜਲਦੀ ਹੀ ਕੰਮ ‘ਤੇ ਵਾਪਸ ਆਉਣ ਦੀ ਉਮੀਦ ਹੈ।