ਬੈਂਕਾਂ ’ਚ ਕਈ ਲੁੱਟਾਂ-ਖੋਹਾਂ ਨੂੰ ਅੰਜਾਮ ਦੇਣ ਵਾਲੇ ਗੋਰੇ ਨੂੰ 35 ਸਾਲਾਂ ਦੀ ਕੈਦ, ਹੁਣ ਕੈਂਸਰ ਨਾਲ ਪੀੜਤ ਸਾਬਕਾ ਪੁਲਿਸ ਮੁਲਾਜ਼ਮ ਸਵੈ-ਇੱਛਾ ਮੌਤ ਨੂੰ ਲਗਾਏਗਾ ਗਲੇ

ਮੈਲਬਰਨ : ਬੈਂਕਾਂ ‘ਚ 10 ਸਾਲ ਤੱਕ ਕਈ ਲੁੱਟਾਂ-ਖੋਹਾਂ ਨੂੰ ਅੰਜਾਮ ਦੇਣ ਵਾਲੇ ਇਕ ਵਿਅਕਤੀ ਨੂੰ 35 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ, ਹਾਲਾਂਕਿ ਕੈਂਸਰ ਉਸ ਦੇ ਸਰੀਰ ਨੂੰ ਖਰਾਬ ਕਰ ਰਿਹਾ ਹੈ ਅਤੇ ਉਹ ਸਵੈ-ਇੱਛਾ ਨਾਲ ਮਰਨ ਦੀ ਪ੍ਰਕਿਰਿਆ ਰਾਹੀਂ ਆਪਣੀ ਜ਼ਿੰਦਗੀ ਖਤਮ ਕਰਨ ਦੀ ਯੋਜਨਾ ਬਣਾ ਰਿਹਾ ਹੈ। 73 ਸਾਲ ਦੇ ਕਿਮ ਪਾਰਸਨਸ ਨੇ 2004 ਤੋਂ 2014 ਤੱਕ ਸਾਊਥ ਆਸਟ੍ਰੇਲੀਆ ਦੇ 11 ਬੈਂਕਾਂ ਨੂੰ ਲੁੱਟਿਆ ਸੀ।

ਸਾਊਥ ਆਸਟਰੇਲੀਆ ਪੁਲਿਸ ਵੱਲੋਂ 13 ਅਕਤੂਬਰ, 2023 ਨੂੰ ਉਸ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਉਹ ਕਈ ਸਾਲਾਂ ਤੱਕ ਫਰਾਰ ਰਿਹਾ। ਅਸਲ ’ਚ ਉਸ ਨੇ ਪਿਛਲੇ ਹਫਤੇ ਅਚਾਨਕ ਆਪਣੇ ਜੁਰਮ ਕਬੂਲ ਕੀਤੇ ਸਨ, ਇਸ ਤੋਂ ਪਹਿਲਾਂ ਉਹ ਖ਼ੁਦ ਨੂੰ ਬੇਕਸੂਰ ਕਹਿੰਦਾ ਰਿਹਾ ਸੀ। ਕੁੱਲ ਮਿਲਾ ਕੇ, ਪਾਰਸਨਜ਼ ਨੇ ਬੈਂਕਾਂ ’ਚੋਂ ਲਗਭਗ 358,000 ਡਾਲਰ ਚੋਰੀ ਕੀਤੇ। ਜਸਟਿਸ ਮੈਕਡੋਨਲਡ ਨੇ ਕਿਹਾ ਕਿ ਪਾਰਸਨਜ਼ ਦੇ ਕੁਝ ਪੀੜਤਾਂ ਨੂੰ ਉਸ ਦੇ ਕੰਮਾਂ ਤੋਂ ਸਦਮਾ ਅਤੇ PTSD ਦਾ ਸਾਹਮਣਾ ਕਰਨਾ ਪਿਆ ਸੀ। ਸਜ਼ਾ ਸੁਣਾਏ ਜਾਣ ਤੋਂ ਬਾਅਦ ਅਦਾਲਤ ਦੇ ਬਾਹਰ ਬੋਲਦੇ ਹੋਏ ਪਾਰਸਨਜ਼ ਦੀ ਇਕ ਪੀੜਤ ਨੇ ਕਿਹਾ ਕਿ ਉਹ 35 ਸਾਲ ਦੀ ਸਜ਼ਾ ਤੋਂ ਖੁਸ਼ ਹੈ।