ਮੈਲਬਰਨ : ਨਿਊਜ਼ੀਲੈਂਡ ’ਚ ਦੁਕਾਨਾਂ ਨੂੰ ਲੁੱਟਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ’ਚ ਪਾਪਾਟੋਏਟੋਏ ਦੀ ਕੋਲਮਾਰ ਰੋਡ ‘ਤੇ ਸਥਿਤ ਪੂਜਾ ਜਿਊਲਰਜ਼ ਦੇ ਮਾਲਕ ਅਤੇ 50 ਸਾਲ ਦੇ ਜਿਊਲਰ ਗੁਰਦੀਪ ਸਿੰਘ ਲੂਥਰ ‘ਤੇ 23 ਜੂਨ ਨੂੰ ਸ਼ਾਮ 5:45 ਵਜੇ ਹਥੌੜੇ ਅਤੇ ਚਾਕੂ ਨਾਲ ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਨਿਊਜ਼ੀਲੈਂਡ ਦੀ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਮਲੇ ਵਿਚ ਗੁਰਦੀਪ ਦੀ ਖੋਪੜੀ ਟੁੱਟ ਗਈ ਹੈ ਅਤੇ ਉਸ ਦੀ ਸਰਜਰੀ ਕੀਤੀ ਜਾਵੇਗੀ। ਇਹ ਸਰਜਰੀ ਲਗਭਗ 90 ਮਿੰਟ ਤੱਕ ਚੱਲਣ ਦੀ ਉਮੀਦ ਹੈ, ਜੋ ਅੱਜ ਦੁਪਹਿਰ ਨੂੰ ਹੋਣੀ ਹੈ।
ਦਲਜੀਤ ਸਿੰਘ ਨੇ ਲੁੱਟ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਹਥੌੜਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਤਿੰਨ-ਚਾਰ ਲੁਟੇਰੇ ਗਹਿਣਿਆਂ ਨਾਲ ਭਰੀ ਦੁਕਾਨ ‘ਚ ਦਾਖਲ ਹੋਏ ਅਤੇ ਗਹਿਣਿਆਂ ਦੇ ਡੱਬੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਗੁਰਦੀਪ ਨੇ ਲੁਟੇਰਿਆਂ ਨੂੰ ਦੁਕਾਨ ਵਿਚ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪਹਿਲਾਂ ਉਸ ਦੇ ਸਿਰ ‘ਤੇ ਹਥੌੜੇ ਨਾਲ ਦੋ ਵਾਰ ਵਾਰ ਕੀਤਾ ਗਿਆ ਅਤੇ ਫਿਰ ਚਾਕੂ ਨਾਲ ਵੀ ਹਮਲਾ ਕੀਤਾ ਗਿਆ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਆਪਣੇ ਪਿਤਾ ਦਾ ਬਚਾਅ ਕਰਨ ਦੀ ਕੋਸ਼ਿਸ਼ ਵਿਚ ਗੁਰਦੀਪ ਦੇ ਬੇਟੇ ਨੇ ਸਟੋਰ ਦੇ ਪਿਛਲੇ ਪਾਸੇ ਤੋਂ ਇੱਕ ਤਲਵਾਰ ਨਾਲ ਆਪਣੇ ਆਪ ਨੂੰ ਹਥਿਆਰਬੰਦ ਕਰ ਲਿਆ, ਪਰ ਉਸ ਦੀ ਮਾਂ ਨੇ ਉਸ ਨੂੰ ਲੁਟੇਰਿਆਂ ‘ਤੇ ਹਮਲਾ ਕਰਨ ਤੋਂ ਰੋਕ ਦਿੱਤਾ। ਸ਼ੁਰੂਆਤੀ CCTV ਫੁਟੇਜ ਤੋਂ ਪਤਾ ਲੱਗਦਾ ਹੈ ਕਿ ਲੁਟੇਰੇ ਪੂਰੇ ਸਟੋਰ ਤੱਕ ਪਹੁੰਚ ਨਹੀਂ ਕਰ ਸਕੇ। ਉਹ ਸਾਹਮਣੇ ਤੋਂ ਤਿੰਨ ਗਹਿਣਿਆਂ ਦੇ ਡੱਬੇ ਚੁੱਕਣ ਵਿਚ ਕਾਮਯਾਬ ਹੋ ਗਏ ਅਤੇ ਦਰਵਾਜ਼ੇ ਅਤੇ ਖਿੜਕੀਆਂ ਟੁੱਟੇ ਹੋਏ ਛੱਡ ਕੇ ਫਰਾਰ ਹੋ ਗਏ।
ਗੁਰਦੀਪ ਸਿੰਘ ਮਿਡਲਮੋਰ ਹਸਪਤਾਲ ’ਚ ਜ਼ੇਰੇ ਇਲਾਜ ਹੈ। ਦਲਜੀਤ ਨੇ ਕਿਹਾ, ‘‘ਡਾਕਟਰਾਂ ਨੇ ਚਾਕੂ ਦੇ ਜ਼ਖ਼ਮ ਨੂੰ ਠੀਕ ਕਰ ਦਿੱਤਾ ਹੈ।’’ ਗੁਰਦੀਪ ਹਾਲਾਂਕਿ ਹੋਸ਼ ’ਚ ਹੈ ਪਰ ਬਹੁਤ ਘੱਟ ਬੋਲਣ ਦੇ ਯੋਗ ਹੈ। ਗੁਰਦੀਪ ਸਿੰਘ ਪਾਪਾਟੋਏਟੋਏ ਦੇ ਲੋਕਲ ਬਿਜ਼ਨਸ ਐਸੋਸੀਏਸ਼ਨ ਦੇ ਚੇਅਰਪਰਸਨ ਵੀ ਹਨ। ਨਿਊਜ਼ੀਲੈਂਡ ਦੇ ਪੁਲਿਸ ਮੰਤਰੀ ਮਾਰਕ ਮਿਸ਼ੇਲ ਨੇ ਗੁਰਦੀਪ ਅਤੇ ਉਸ ਦੇ ਪਰਿਵਾਰ ਨਾਲ ਹਸਪਤਾਲ ’ਚ ਮੁਲਾਕਾਤ ਕੀਤੀ। ਦਲਜੀਤ ਨੇ ਕਿਹਾ, ‘‘ਮਾਰਕ ਮਿਸ਼ੇਲ ਨੇ ਗੁਰਦੀਪ ਦੀ ਸਿਹਤ ਬਾਰੇ ਪੁੱਛਿਆ ਅਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਲੱਭਣ ਲਈ ਜਾਂਚ ਜਾਰੀ ਹੈ।’’ ਨਿਊਜ਼ੀਲੈਂਡ ਪੁਲਸ ਨੇ ਇਕ ਪ੍ਰੈਸ ਬਿਆਨ ‘ਚ ਕਿਹਾ ਕਿ ਅਜੇ ਤਕ ਲੁਟੇਰਿਆਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ।