ਭਾਰਤੀ ਮੂਲ ਦੇ ਅਰਬਪਤੀ ਪਰਿਵਾਰ ਨੂੰ ਨੌਕਰਾਂ ਦਾ ਸੋਸ਼ਣ ਕਰਨ ਦੇ ਦੋਸ਼ ’ਚ ਸਾਢੇ ਚਾਰ ਸਾਲ ਦੀ ਕੈਦ

ਮੈਲਬਰਨ : ਸਵਿਟਜ਼ਰਲੈਂਡ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਅਰਬਪਤੀ ਪ੍ਰਕਾਸ਼ ਹਿੰਦੂਜਾ ਅਤੇ ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਆਪਣੇ ਲੇਕਸਾਈਡ ਵਿਲਾ ‘ਚ ਭਾਰਤੀ ਨੌਕਰਾਂ ਦਾ ਸ਼ੋਸ਼ਣ ਕਰਨ ਦੇ ਦੋਸ਼ ‘ਚ ਜੇਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਨ੍ਹਾਂ ਨੂੰ ਪਾਸਪੋਰਟ ਜ਼ਬਤ ਕਰਨ, ਬੰਗਲੇ ’ਚੋਂ ਬਾਹਰ ਨਿਕਲਣ ‘ਤੇ ਰੋਕ ਲਗਾਉਣ ਅਤੇ ਦਿਨ ’ਚ 18-18 ਘੰਟੇ ਤੱਕ ਕੰਮ ਕਰਵਾਉਣ ਸਮੇਤ ਗੰਭੀਰ ਸ਼ੋਸ਼ਣ ਦਾ ਦੋਸ਼ੀ ਪਾਇਆ। ਹਾਲਾਂਕਿ ਮਨੁੱਖੀ ਤਸਕਰੀ ਦੇ ਹੋਰ ਗੰਭੀਰ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਗਿਆ, ਪਰ ਚਾਰਾਂ ਨੂੰ ਚਾਰ ਤੋਂ ਸਾਢੇ ਚਾਰ ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਈ ਗਈ।

ਨੌਕਰ, ਜਿਨ੍ਹਾਂ ’ਚੋਂ ਜ਼ਿਆਦਾਤਰ ਅਨਪੜ੍ਹ ਭਾਰਤੀ ਸਨ, ਨੂੰ ਭਾਰਤੀ ਕਰੰਸੀ ਵਿੱਚ ਭੁਗਤਾਨ ਕੀਤਾ ਜਾਂਦਾ ਸੀ, ਜੋ ਉਨ੍ਹਾਂ ਦੇ ਹੱਥ ’ਚ ਨਹੀਂ ਫੜਾਏ ਜਾਂਦੇ ਬਨ ਬਲਕਿ ਉਨ੍ਹਾਂ ਦੇ ਭਾਰਤ ’ਚ ਸਥਿਤ ਬੈਂਕਾਂ ਵਿੱਚ ਜਮ੍ਹਾਂ ਹੁੰਦੇ ਸਨ। ਸਵਿਸ ਅਧਿਕਾਰੀਆਂ ਨੇ ਕਾਨੂੰਨੀ ਫੀਸ ਅਤੇ ਜੁਰਮਾਨੇ ਦੀ ਉਮੀਦ ਵਿਚ ਹੀਰੇ ਅਤੇ ਰੂਬੀ ਸਮੇਤ ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਇਕ ਉਦਯੋਗਿਕ ਸਮੂਹ ਦਾ ਹਿੱਸਾ ਪ੍ਰਕਾਸ਼ ਹਿੰਦੂਜਾ ਦੀ ਜਾਇਦਾਦ ਲਗਭਗ 20 ਅਰਬ ਡਾਲਰ ਹੈ। ਸਵਿਟਜ਼ਰਲੈਂਡ ਵਿੱਚ ਇਹ ਪਰਿਵਾਰ 1980 ਦੇ ਦਹਾਕੇ ਤੋਂ ਰਹਿ ਰਿਹਾ ਹੈ, ਅਤੇ ਇਹ ਕੇਸ ਦੁਨੀਆ ਭਰ ’ਚ ਕਮਜ਼ੋਰ ਕਾਮਿਆਂ ਦੇ ਹੋ ਰਹੇ ਸ਼ੋਸ਼ਣ ਨੂੰ ਉਜਾਗਰ ਕਰਦਾ ਹੈ। ਵਕੀਲਾਂ ਨੇ ਕਮਲ ਹਿੰਦੂਜਾ ਵੱਲੋਂ ਸਥਾਪਤ “ਡਰ ਦੇ ਮਾਹੌਲ” ਦਾ ਵਰਣਨ ਕੀਤਾ, ਜਿੱਥੇ ਮਜ਼ਦੂਰਾਂ ਕੋਲ ਛੁੱਟੀਆਂ ਦਾ ਸਮਾਂ ਬਹੁਤ ਘੱਟ ਸੀ ਅਤੇ ਉਹ ਸਖਤ ਹਾਲਤਾਂ ਵਿੱਚ ਬੇਸਮੈਂਟ ਵਿੱਚ ਸੌਂਦੇ ਸਨ। ਇਹੀ ਨਹੀਂ ਹਿੰਦੂਜਾ ਪਰਿਵਾਰ ’ਤੇ 2007 ’ਚ ਵੀ ਇਸੇ ਤਰ੍ਹਾਂ ਦੇ ਇਲਜ਼ਾਮ ਲੱਗੇ ਸਨ।