ਛੋਟੀਆਂ ਵੀਡੀਓ ਲਈ ਭਾਰਤੀ ਮੂਲ ਦੇ ਨਿਊਜ਼ੀਲੈਂਡਰ ਨੇ ਤਿਆਰ ਕੀਤਾ ਵੱਡਾ ਸਾਫ਼ਟਵੇਅਰ, ਜਾਣੋ ਕਦੋਂ ਹੋਣ ਜਾ ਰਿਹੈ ਲਾਂਚ

ਮੈਲਬਰਨ : ਕੀਵੀ-ਭਾਰਤੀ ਹਾਰਵਰਡ ਗ੍ਰੈਜੂਏਟ ਸੌਮਿਲ ਸਿੰਘ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕਰ ਕੇ ਸੋਸ਼ਲ ਮੀਡੀਆ ਲਈ ਵੀਡੀਓ ਬਣਾਉਣ ਵਿੱਚ ਕ੍ਰਾਂਤੀ ਲਿਆਂਦੀ ਹੈ। ਉਸ ਦਾ ਪਲੇਟਫਾਰਮ, Unfaze.ai, ਵਿਅਕਤੀਆਂ ਅਤੇ ਬ੍ਰਾਂਡਾਂ ਲਈ ਉਨ੍ਹਾਂ ਦੀ ਮਰਜ਼ੀ ਅਨੁਸਾਰ ਵੀਡੀਓ ਬਣਾ ਸਕਦਾ ਹੈ। ਸੌਮਿਲ ਨੇ ਕਿਹਾ ਕਿ TikTok ’ਤੇ ਭਾਵੇਂ ਵੀਡੀਓ ਕਾਫ਼ੀ ਵੇਖੇ ਜਾਂਦੇ ਹਨ ਪਰ ਤਾਜ਼ਾ ਸਮੱਗਰੀ ਬਣਾਉਣ ਲਈ ਬਹੁਤ ਸਾਰੇ ਸਰੋਤ ਚਾਹੀਦੇ ਹਨ ਅਤੇ ਇਹ ਮਹਿੰਗਾ ਹੈ। ਉਸ ਨੇ ਕਿਹਾ, ‘‘ਇਹ ਨਿਊਜ਼ੀਲੈਂਡ ਦੇ ਲੋਕਾਂ ਲਈ ਵੱਡੀ ਰੁਕਾਵਟ ਹੈ।’’

ਜਦਕਿ Unfaze.ai ਨਾਲ ਉਹੀ ਸਮੱਗਰੀ AI ਨੂੰ ਸਿਰਫ਼ ਕੁੱਝ ਹਦਾਇਤਾਂ ਜਾਰੀ ਕਰ ਕੇ ਬਣਾਈ ਜਾ ਸਕਦੀ ਹੈ ਅਤੇ ਇਹ ਨਿਊਜ਼ੀਲੈਂਡ SME ਲਈ ਰੁਕਾਵਟਾਂ ਨੂੰ ਤੋੜਨ ਦਾ ਕੰਮ ਕਰਦਾ ਹੈ। ਪਲੇਟਫਾਰਮ ਨੇ ਹੁਣ ਤਕ ਨਿਵੇਸ਼ ’ਚ 5.5 ਮਿਲੀਅਨ ਡਾਲਰ ਇਕੱਠੇ ਕੀਤੇ ਹਨ ਅਤੇ ਇਸ ਦੀ ਜੁਲਾਈ ਵਿੱਚ ਵੀਡੀਓ ਬਣਾਉਣ ਵਾਲੇ ਸਾੱਫਟਵੇਅਰ ਨੂੰ ਲਾਂਚ ਕਰਨ ਦੀ ਯੋਜਨਾ ਬਣਾਈ ਹੈ। ਇਸ ਦਾ ਉਦੇਸ਼ ਜਲਦੀ ਹੀ ਅਜਿਹੀਆਂ AI ਵੀਡੀਓ ਤਿਆਰ ਕਰਨਾ ਹੈ ਜੋ ਲੋਕਾਂ ਵੱਲੋਂ ਬਣਾਈ ਸਮੱਗਰੀ ਤੋਂ ਵੱਖਰੇ ਨਹੀਂ ਹੋਣਗੇ, ਜਿਸ ਨਾਲ ਇਹ ਦੁਨੀਆ ਭਰ ਦੇ ਕਾਰੋਬਾਰਾਂ ਲਈ ਪਾਸਾ ਪਲਟਣ ਵਾਲਾ ਸਾਫ਼ਟਵੇਅਰ ਬਣ ਸਕਦਾ ਹੈ।