ਮੈਲਬਰਨ : ਭਾਰਤੀਆਂ ’ਚ ਵਿਦੇਸ਼ਾਂ ’ਚ ਜਾ ਕੇ ਵਸਣ ਦੀ ਦੀਵਾਨਗੀ ਏਨੀ ਘਰ ਕਰ ਗਈ ਹੈ ਕਿ ਹੁਣ ਉਹ ਬਾਹਰ ਜਾਣ ਲਈ ਹਰ ਹੀਲਾ-ਵਸੀਲਾ ਵਰਤ ਰਹੇ ਹਨ। ਫਿਰ ਭਾਵੇਂ ਉਹ ਗੈਰਕਾਨੂੰਨੀ ਹੀ ਕਿਉਂ ਨਾ ਹੋਵੇ। ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (IGI) ਏਅਰਪੋਰਟ ’ਤੇ ਕਲ ਅਜਿਹੀ ਹੀ ਘਟਨਾ ਵੇਖਣ ਨੂੰ ਮਿਲੀ ਜਿੱਥੇ ਇੱਕ 24 ਸਾਲਾਂ ਦਾ ਨੌਜੁਆਨ ਬੰਦਾ ਭੇਸ ਬਦਲ ਕੇ ਕੈਨੇਡਾ ਜਾਣ ਦੀ ਤਿਆਰੀ ’ਚ ਸੀ। ਉਸ ਨੂੰ ਕਿਸੇ 67 ਸਾਲ ਦੇ ਵਿਅਕਤੀ ਦਾ ਪਾਸਪੋਰਟ ਮਿਲ ਗਿਆ ਸੀ ਜਿਸ ਦੀ ਸ਼ਕਲ ਉਸ ਨਾਲ ਮਿਲਦੀ-ਜੁਲਦੀ ਸੀ।
ਹਾਲਾਂਕਿ ਹਵਾਈ ਅੱਡੇ ’ਤੇ ਮੌਜੂਦ ਸੈਂਟਰਲ ਇੰਡਸਟ੍ਰੀਅਲ ਸਿਕਿਉਰਿਟੀ ਫ਼ੋਰਸ (CISF) ਵਾਲਿਆਂ ਨੇ ਵੀ ਉਸ ਦੀ ਅਸਲੀਅਤ ਪਛਾਣਨ ’ਚ ਦੇਰ ਨਾ ਲਾਈ। CISF ਵਾਲਿਆਂ ਨੇ ਵੇਖਿਆ ਕਿ ਬੰਦੇ ਦੇ ਵਾਲ ਤਾਂ ਚਿੱਟੇ ਹਨ ਪਰ ਆਵਾਜ਼ ਅਤੇ ਚਮੜੀ ਤਾਂ ਨੌਜਵਾਨਾਂ ਵਰਗੀ ਹੈ। ਨੇੜਿਉਂ ਵੇਖਣ ’ਤੇ ਪਤਾ ਲੱਗਾ ਕਿ ਉਸ ਨੇ ਆਪਣੀ ਦਾੜ੍ਹੀ ਚਿੱਟੀ ਰੰਗੀ ਹੋਈ ਸੀ। ਉਹ 67 ਸਾਲ ਦੇ ਰਛਵਿੰਦਰ ਸਿੰਘ ਦਾ ਪਾਸਪੋਰਟ ਲੈ ਕੇ ਹਵਾਈ ਅੱਡੇ ਪੁੱਜਾ ਸੀ। ਜਾਂਚ-ਪੜਤਾਲ ਤੋਂ ਬਾਅਦ CISF ਨੂੰ ਉਸ ਦੇ ਮੋਬਾਈਲ ਫ਼ੋਨ ਤੋਂ ਉਸ ਦਾਅਸਲ ਪਾਸਪੋਰਟ ਵੀ ਮਿਲ ਗਿਆ ਜਿਸ ’ਤੇ ਉਸ ਦਾ ਨਾਂ ਗੁਰਸੇਵਕ ਸਿੰਘ ਲਿਖਿਆ ਹੋਇਆ ਸੀ। ਪਾਸਪੋਰਟ ’ਤੇ ਉਸ ਨੂੰ ਉੱਤਰ ਪ੍ਰਦੇਸ਼ ਦੇ ਲਖਨਊ ਦਾ ਰਹਿਣ ਵਾਲਾ ਦੱਸਿਆ ਗਿਆ ਹੈ। CCTV ਵੀਡੀਓ ’ਚ ਉਹ ਹਵਾਈ ਅੱਡੇ ’ਤੇ ਵੀਲ੍ਹਚੇਅਰ ’ਤੇ ਬੈਠ ਕੇ ਜਾਂਦਾ ਵੀ ਦਿਸ ਰਿਹਾ ਹੈ। ਪਰ ਅਸਲੀਅਤ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਸ ਬੰਦੇ ਦੀ ਸਖ਼ਤ ਨਿਖੇਧੀ ਹੋ ਰਹੀ ਹੈ ਅਤੇ ਮਜ਼ਾਕ ਦਾ ਪਾਤਰ ਵੀ ਬਣ ਰਿਹਾ ਹੈ। CISF ਨੇ ਉਸ ਨੂੰ ਦਿੱਲੀ ਪੁਲਿਸ ਨੂੰ ਸੌਂਪ ਦਿੱਤਾ ਹੈ।
ਹਾਲਾਂਕਿ ਇਹ ਅਜਿਹੀ ਇੱਕੋ ਘਟਨਾ ਨਹੀਂ ਹੈ। 2019 ’ਚ ਵੀ ਇੱਕ ਗੁਜਰਾਤੀ ਜਯੇਸ਼ ਪਟੇਲ, ਇਸੇ ਤਰ੍ਹਾਂ ਆਪਣੇ ਵਾਲ ਰੰਗ ਦੇ ਕਿਸੇ 81 ਸਾਲ ਦੇ ਅਮਰੀਕ ਸਿੰਘ ਦਾ ਭੇਸ ਵਟਾ ਕੇ ਨਿਊਯਾਰਕ ਦੀ ਫ਼ਲਾਈਟ ਚੜ੍ਹਨ ਆਇਆ ਸੀ। ਲੋਕਲ ਮੀਡੀਆ ਨੇ ਦਸਿਆ ਸੀ ਕਿ ਉਸ ਨੂੰ ਕਿਸੇ ਏਜੰਟ ਨੇ ਹੀ ਪਾਸਪੋਰਟ ਦਿਤਾ ਸੀ ਅਤੇ ਭੇਸ ਬਦਲਣ ਲਈ ਮੇਕਅੱਪ ਆਰਟਿਸਟ ਵੀ ਮੁਹੱਈਆ ਕਰਵਾਇਆ ਸੀ।