ਨਿਖਿਲ ਗੁਪਤਾ ਅਮਰੀਕਾ ਦੀ ਅਦਾਲਤ ’ਚ ਪੇਸ਼, ਪੰਨੂ ਦੇ ਕਤਲ ਦੀ ਸਾਜ਼ਸ਼ ਰਚਣ ਦੇ ਦੋਸ਼ਾਂ ਤੋਂ ਕੀਤਾ ਇਨਕਾਰ

ਮੈਲਬਰਨ : ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਆਖ਼ਰ ਅਮਰੀਕਾ ਦੀ ਅਦਾਲਤ ’ਚ ਪੇਸ਼ ਕਰ ਦਿੱਤਾ ਗਿਆ ਹੈ। ਉਸ ’ਤੇ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਰਚਣ ਦਾ ਦੋਸ਼ ਹੈ। ਹਾਲਾਂਕਿ ਉਸ ਨੇ ਮੈਨਹਟਨ ਦੀ ਫ਼ੈਡਰਲ ਅਦਾਲਤ ਵਿੱਚ ਖ਼ੁਦ ਨੂੰ ਬੇਕਸੂਰ ਕਰਾਰ ਦਿੱਤਾ ਹੈ। ਅਦਾਲਤ ਨੇ ਉਸ ਨੂੰ 28 ਜੂਨ ਤਕ ਬਰੋਕਲਿਨ ਵਿਖੇ ਮੈਟ੍ਰੋਪੋਲੀਟਨ ਡੀਟੈਂਸ਼ਨ ਸੈਂਟਰ ’ਚ ਹਿਰਾਸਤ ’ਚ ਭੇਜ ਦਿੱਤਾ ਹੈ।

ਗੁਪਤਾ ਦੇ ਵਕੀਲ ਜੈਫ਼ਰੀ ਚਾਬਰੋ ਨੇ ਕਿਹਾ ਕਿ ਅਜੇ ਦੋਸ਼ਾਂ ਬਾਰੇ ਕਿਸੇ ਨਤੀਜੇ ’ਤੇ ਪਹੁੰਚਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ, ‘‘ਇਹ ਦੋਹਾਂ ਦੇਸ਼ਾਂ ਲਈ ਗੁੰਝਲਦਾਰ ਮਸਲਾ ਹੈ। ਪਿਛੋਕੜ ਅਤੇ ਵੇਰਵੇ ਸਰਕਾਰ ਦੇ ਦੋਸ਼ਾਂ ’ਤੇ ਬਿਲਕੁਲ ਨਵਾਂ ਚਾਨਣਾ ਪਾ ਸਕਦੇ ਹਨ।’’

ਪਿਛਲੇ ਸਾਲ ਜੂਨ ’ਚ ਗੁਪਤਾ ਭਾਰਤ ਤੋਂ ਚੈੱਕ ਰਿਪਬਲਿਕ ਆਇਆ ਸੀ ਜਦੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਚੈੱਕ ਰਿਪਬਲਿਕ ਵੱਲੋਂ ਸ਼ੁੱਕਰਵਾਰ ਨੂੰ ਹੀ ਅਮਰੀਕਾ ਹਵਾਲੇ ਕੀਤੇ ਗਏ ਗੁਪਤਾ ‘ਤੇ ਅਸਫਲ ਸਾਜ਼ਿਸ਼ ‘ਤੇ ਇਕ ਭਾਰਤੀ ਅਧਿਕਾਰੀ ਨਾਲ ਸਹਿਯੋਗ ਕਰਨ ਦਾ ਦੋਸ਼ ਹੈ। ਉਸ ’ਤੇ ਇੱਕ ਕਿਰਾਏ ’ਤੇ ਕਤਲ ਕਰਨ ਵਾਲੇ ਨੂੰ 1 ਲੱਖ ਅਮਰੀਕੀ ਡਾਲਰ ਦੇਣ ਦਾ ਦੋਸ਼ ਹੈ, ਜੋ ਅਸਲ ’ਚ ਅਮਰੀਕੀ ਖ਼ੁਫ਼ੀਆ ਵਿਭਾਗ ਦਾ ਏਜੰਟ ਸੀ। ਇਸ ਮਾਮਲੇ ਨੇ ਭਾਰਤ ਅਤੇ ਪੱਛਮੀ ਦੇਸ਼ਾਂ ਵਿਚਾਲੇ ਤਣਾਅ ਵਧਾ ਦਿੱਤਾ ਹੈ। ਹਾਲਾਂਕਿ ਭਾਰਤ ਨੇ ਵਿਦੇਸ਼ਾਂ ਵਿਚ ਸਿੱਖ ਵੱਖਵਾਦੀਆਂ ‘ਤੇ ਹਮਲਿਆਂ ਨਾਲ ਆਪਣੀ ਸਰਕਾਰ ਨੂੰ ਜੋੜਨ ਦੇ ਦੋਸ਼ਾਂ ਦੇ ਬਾਵਜੂਦ ਇਸ ਕੰਮ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।