2020 ‘ਚ 4 ਭਾਰਤੀ ਖੁਫੀਆ ਅਧਿਕਾਰੀਆਂ ਨੂੰ ਆਸਟ੍ਰੇਲੀਆ ਛੱਡਣ ਲਈ ਮਜਬੂਰ ਕੀਤਾ ਗਿਆ, ਸਿੱਖਾਂ ਨੂੰ ਮਿਲ ਰਹੀਆਂ ਸਨ ਧਮਕੀਆਂ : ਰਿਪੋਰਟ

ਮੈਲਬਰਨ : ਸਾਲ 2020 ‘ਚ ਚਾਰ ਭਾਰਤੀ ਖੁਫੀਆ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਰੱਖਿਆ ਤਕਨਾਲੋਜੀ ਅਤੇ ਹਵਾਈ ਅੱਡੇ ਦੀ ਸੁਰੱਖਿਆ ਹਾਸਲ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ ਆਸਟ੍ਰੇਲੀਆ ਤੋਂ ਕੱਢ ਦਿੱਤਾ ਗਿਆ ਸੀ। ਇਸ ਘਟਨਾ ਨਾਲ ਭਾਰਤ ਵੀ ਜਾਸੂਸੀ ਗਤੀਵਿਧੀਆਂ ਦੇ ਮਾਮਲੇ ਵਿੱਚ ਰੂਸ ਅਤੇ ਚੀਨ ਦੇ ਬਰਾਬਰ ਆ ਖਲੋਤਾ ਹੈ। ASIO ਦੇ ਮੁਖੀ ਮਾਈਕ ਬਰਗੇਸ ਨੇ 2021 ਵਿੱਚ ਆਸਟ੍ਰੇਲੀਆ ਵਿੱਚ ਇੱਕ ਵਿਦੇਸ਼ੀ ਜਾਸੂਸੀ ਮੁਹਿੰਮ ਨੂੰ ਰੋਕਣ ਬਾਰੇ ਰਿਪੋਰਟ ਕੀਤੀ ਸੀ।

ABC TV ਦੀ ਵੱਲੋਂਂ ਪਿਛਲੇ ਦਿਨੀਂ ਜਾਰੀ ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਨੇ ਆਸਟ੍ਰੇਲੀਆ ਵਿਚ ਭਾਰਤੀ ਪ੍ਰਵਾਸੀਆਂ ਦੀ ਨਿਗਰਾਨੀ ਕੀਤੀ, ਜਿਸ ਨਾਲ ਮੈਲਬਰਨ ਟੈਕਸੀ ਡਰਾਈਵਰ ਹਰਜਿੰਦਰ ਸਿੰਘ ਵਰਗੇ ਵਿਅਕਤੀਆਂ ਨੂੰ ਸਿੱਖਸ ਫਾਰ ਜਸਟਿਸ (SFJ) ਵਰਗੀ ਜਥੇਬੰਦੀ ’ਚ ਸ਼ਾਮਲ ਹੋਣ ਲਈ ਧਮਕੀਆਂ ਮਿਲੀਆਂ। ਰਿਪੋਰਟ ਵਿਚ ਕੈਨੇਡਾ ਅੰਦਰ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਵੀ ਭਾਰਤੀ ਅਧਿਕਾਰੀਆਂ ਨਾਲ ਜੋੜਿਆ ਗਿਆ ਹੈ।

ਅਮਰੀਕਾ ‘ਚ SFJ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਸ਼ ਰਚਣ ਲਈ ਇਕ ਭਾਰਤੀ ‘ਤੇ ਦੋਸ਼ ਲਗਾਇਆ ਗਿਆ ਹੈ। ਸਬੂਤ ਭਾਰਤੀ ਅਧਿਕਾਰੀਆਂ ਅਤੇ ਮੁਲਜ਼ਮਾਂ ਵਿਚਕਾਰ ਸਬੰਧਾਂ ਦਾ ਪ੍ਰਗਟਾਵਾ ਕਰਦੇ ਹਨ।

ਰਿਪੋਰਟ ਅਨੁਸਾਰ ਆਸਟ੍ਰੇਲੀਆਈ ਸਿੱਖਾਂ ਨੇ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਜ਼ਬਰਦਸਤੀ ਕਰਨ ਦੀ ਰਿਪੋਰਟ ਕੀਤੀ, ਜਿਸ ਵਿੱਚ ਉਨ੍ਹਾਂ ਦੇ ਭਾਰਤ ਸਥਿਤ ਪਰਿਵਾਰਾਂ ਨੂੰ ਧਮਕੀਆਂ ਦੇਣਾ, ਨਜ਼ਰਬੰਦੀ ਅਤੇ ਪ੍ਰੋਟੈਕਸ਼ਨ ਵੀਜ਼ਾ ਦੀ ਲੋੜ ਵਾਲੇ ਦੋਸ਼ਾਂ ਦੇ ਦਾਅਵੇ ਕੀਤੇ ਗਏ ਸਨ। ਰਿਪੋਰਟ ’ਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ (BJP) ਨਾਲ ਜੁੜੀ OFBJP ਪ੍ਰਵਾਸੀਆਂ ਦੇ ਸਮਰਥਨ ਨੂੰ ਪ੍ਰਭਾਵਿਤ ਕਰਨ ਲਈ ਆਸਟ੍ਰੇਲੀਆ ਦੀ ਰਾਜਨੀਤੀ ਵਿਚ ਘੁਸਪੈਠ ਕਰ ਰਹੀ ਹੈ।