ਮੈਲਬਰਨ : ਸਿੱਖ ਕਾਰਕੁਨ ਅਤੇ ਸੁਤੰਤਰ ਸਿੱਖ ਰਾਜ ਦੀ ਵਕਾਲਤ ਕਰਨ ਵਾਲੇ ਆਗੂ ਹਰਦੀਪ ਸਿੰਘ ਨਿੱਝਰ ਨੂੰ ਉਨ੍ਹਾਂ ਦੇ ਕਤਲ ਦੀ ਪਹਿਲੀ ਬਰਸੀ ਦੀ ਪੂਰਵ ਸੰਧਿਆ ‘ਤੇ ਕੈਨੇਡਾ ਦੇ ਸਟੇਟ ਬ੍ਰਿਟਿਸ਼ ਕੋਲੰਬੀਆ (BC) ਦੇ ਸ਼ਹਿਰ ਸਰੀ ’ਚ ਸਥਿਤ ਗੁਰਦੁਆਰੇ ਵਿਖੇ ਯਾਦ ਕੀਤਾ ਗਿਆ। ਨਿੱਝਰ, ਜੋ ਗੁਰਦੁਆਰੇ ਦੇ ਪ੍ਰਧਾਨ ਵੀ ਸਨ, ਨੂੰ 18 ਜੂਨ, 2023 ਨੂੰ ਗੁਰੂ ਨਾਨਕ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ। ਉਨ੍ਹਾਂ ਦੇ ਕਤਲ ਦਾ ਦੋਸ਼ ਚਾਰ ਭਾਰਤੀ ਨਾਗਰਿਕਾਂ ‘ਤੇ ਲਗਾਇਆ ਗਿਆ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਕਤਲ ’ਚ ਭਾਰਤ ਸਰਕਾਰ ਦੀ ਸ਼ਮੂਲੀਅਤ ਹੋਣ ਦਾ ਦੋਸ਼ ਲਾਇਆ ਹੈ, ਜਿਸ ਨਾਲ ਦੋਹਾਂ ਦੇਸ਼ਾਂ ’ਚ ਕੂਟਨੀਤਕ ਤਣਾਅ ਪੈਦਾ ਹੋ ਗਿਆ ਹੈ। ਕੈਨੇਡਾ ਵਿਚ ਸਿੱਖ ਵੱਖਵਾਦ ਭਾਰਤ ਲਈ ਇਕ ਵਿਵਾਦਪੂਰਨ ਮੁੱਦਾ ਰਿਹਾ ਹੈ, ਜੋ ਨਿੱਝਰ ਨੂੰ ‘ਅੱਤਵਾਦੀ’ ਮੰਨਦਾ ਹੈ। ਐਡਵੋਕੇਸੀ ਗਰੁੱਪ ‘ਸਿੱਖਸ ਫਾਰ ਜਸਟਿਸ’ ਨੇ ਕੈਨੇਡਾ ਵਿਚ ਸਿੱਖਾਂ ਲਈ ਨਿਆਂ ਅਤੇ ਸੁਰੱਖਿਆ ਦੀ ਮੰਗ ਕੀਤੀ ਹੈ ਅਤੇ ਨਿੱਝਰ ਦੇ ਕਤਲ ਵਿਚ ਸ਼ਾਮਲ ਲੋਕਾਂ ਵਿਰੁੱਧ ਸੁਤੰਤਰ ਜਾਂਚ ਅਤੇ ਪਾਬੰਦੀਆਂ ਦੀ ਅਪੀਲ ਕੀਤੀ ਹੈ।
ਜਾਂਚ ਅੱਗੇ ਵਧਣ ਨਾਲ ਫ਼ੈਡਰਲ ਸਰਕਾਰ ‘ਤੇ ਭਾਈਚਾਰਕ ਸੁਰੱਖਿਆ ਵਧਾਉਣ ਦਾ ਦਬਾਅ ਹੈ। ਕੈਨੇਡਾ ਦੇ ਮਾਮਲਿਆਂ ‘ਚ ਭਾਰਤ ਦੀ ਦਖਲਅੰਦਾਜ਼ੀ ਦੇ ਦੋਸ਼ਾਂ ਦਰਮਿਆਨ ਜੀ-7 ਸਿਖਰ ਸੰਮੇਲਨ ‘ਚ ਟਰੂਡੋ ਦੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹਾਲ ਹੀ ‘ਚ ਹੋਈ ਗੱਲਬਾਤ ਵਿਚਕਾਰ ਇਹ ਯਾਦਗਾਰੀ ਸਮਾਗਮ ਹੋਇਆ ਸੀ।