ਵੇਪਸ ’ਤੇ ਸਖ਼ਤੀ ਤੋਂ ਬਾਅਦ ਆਸਟ੍ਰੇਲੀਆ ’ਚ ਇਹ ਨਵਾਂ ਨਸ਼ਾ ਪਸਾਰ ਰਿਹੈ ਪੈਰ

ਮੈਲਬਰਨ : ਅਮਰੀਕੀ ਸੋਸ਼ਲ ਮੀਡੀਆ ‘ਤੇ ਵੇਚੇ ਜਾਣ ਵਾਲੇ ਨਿਕੋਟੀਨ ਪਾਊਚਾਂ ਦਾ ਹੁਣ ਆਸਟ੍ਰੇਲੀਆ ‘ਚ ਵੀ ਹੜ੍ਹ ਆ ਗਿਆ ਹੈ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਇਨ੍ਹਾਂ ‘ਡਿਸਪੋਜ਼ੇਬਲ ਵੇਪਸ’ ਵਿਰੁਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬ੍ਰਿਟਿਸ਼ ਅਮਰੀਕੀ ਤੰਬਾਕੂ ਦੇ ਬ੍ਰਾਂਡ Velo ਵੱਲੋਂ ਸਪਾਂਸਰ ਕੀਤੇ ਗਏ ਪਾਊਚ ਗੈਰ-ਕਾਨੂੰਨੀ ਨਿਕੋਟੀਨ ਦਾ ਨਵੀਨਤਮ ਸਰੋਤ ਬਣ ਗਏ ਹਨ। ਇਸ ਸਾਲ 1.3 ਮਿਲੀਅਨ ਤੋਂ ਵੱਧ ਅਜਿਹੇ ਪਾਊਚ ਜ਼ਬਤ ਕੀਤੇ ਗਏ ਹਨ, ਜੋ ਪਿਛਲੇ ਦੋ ਸਾਲਾਂ ਨਾਲੋਂ ਦਸ ਗੁਣਾ ਵੱਧ ਹਨ। ਮੁੱਖ ਤੌਰ ‘ਤੇ ਚੀਨ ਅਤੇ ਯੂਰਪ ਤੋਂ ਆਯਾਤ ਕੀਤੇ ਗਏ ਇਨ੍ਹਾਂ ਪਾਊਚਾਂ ਵਿੱਚ ਵੱਖ-ਵੱਖ ਸੁਆਦਾਂ ਅਤੇ ਸ਼ਕਤੀਆਂ ਵਿੱਚ ਜੈਵਿਕ ਜਾਂ ਸਿੰਥੈਟਿਕ ਨਿਕੋਟੀਨ ਹੁੰਦਾ ਹੈ। ਇਨ੍ਹਾਂ ਨੂੰ ਸਮੋਕਿੰਗ ਛੱਡਣ ’ਚ ਮਦਦ ਕਰਨ ਵਾਲੇ ਗਰਦਾਨਿਆ ਜਾਂਦਾ ਹੈ ਪਰ Therapeutic Goods Administration ਇਸ ਦੀ ਸਲਾਹ ਨਹੀਂ ਦਿੰਦਾ ਜਿਸ ਕਾਰਨ ਇਹ ਆਸਟ੍ਰੇਲੀਆ ’ਚ ਵੇਚਣੇ ਗ਼ੈਰਕਾਨੂੰਨੀ ਹਨ। ਸਿਹਤ ਮੰਤਰੀ ਮਾਰਕ ਬਟਲਰ ਨੇ ਕਿਹਾ, ‘‘ਨਿਕੋਟੀਨ ਦੀ ਆਦਤ ਬਹੁਤ ਛੇਤੀ ਲਗਦੀ ਹੈ। ਪਰ ਇਸ ਨੂੰ ਛੱਡ ਦੇਣਾ ਹੀ ਚੰਗਾ ਰਹਿੰਦਾ ਹੈ।’’ ਨਿਕੋਟੀਨ ਤੋਂ ਛੁਟਕਾਰਾ ਪਾਉਣ ’ਚ ਮਦਦ ਲਈ 13 7848 ’ਤੇ ਕਾਲ ਕਰੋ ਜਾਂ quit.org.au ’ਤੇ ਜਾਓ।