‘ਸਕਿੱਲਡ ਨੌਕਰੀ ਲੱਭੋ ਜਾਂ ਆਸਟ੍ਰੇਲੀਆ ਛੱਡੋ’, 1 ਜੁਲਾਈ ਤੋਂ ਆਸਟ੍ਰੇਲੀਆ ’ਚ ਲਾਗੂ ਹੋਣਗੇ ਨਵੇਂ ਮਾਈਗ੍ਰੇਸ਼ਨ ਸੁਧਾਰ

ਮੈਲਬਰਨ : ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਕਲੇਅਰ ਓ’ਨੀਲ ਨੇ 1 ਜੁਲਾਈ 2024 ਤੋਂ ਲਾਗੂ ਹੋਣ ਵਾਲੇ ਨਵੇਂ ਮਾਈਗ੍ਰੇਸ਼ਨ ਸੁਧਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਸੁਧਾਰਾਂ ਅਧੀਨ ਵਿਜ਼ਟਰ ਵੀਜ਼ਾ ਧਾਰਕ ਹੁਣ ਆਸਟ੍ਰੇਲੀਆ ਦੇ ਅੰਦਰੋਂ ਸਟੂਡੈਂਟ ਵੀਜ਼ਾ ਲਈ ਅਪਲਾਈ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ, ਟੈਂਪਰੇਰੀ ਗ੍ਰੈਜੂਏਟ ਵੀਜ਼ਾ ਧਾਰਕ ਵੀ ਆਨਸ਼ੋਰ ਸਟੂਡੈਂਟ ਵੀਜ਼ਾ ਲਈ ਅਪਲਾਈ ਨਹੀਂ ਕਰ ਸਕਣਗੇ। ਇਹ ਅਜਿਹੇ ਬਹੁਤ ਸਾਰੇ ਵੀਜ਼ਾ ਧਾਰਕਾਂ ਲਈ ਬੁਰੀ ਖ਼ਬਰ ਹੈ ਜੋ ਆਸਟ੍ਰੇਲੀਆ ਵਿੱਚ ਆਪਣੇ ਠਹਿਰਨ ਦੀ ਮਿਆਦ ਵਧਾਉਣ ਲਈ ਅੱਗੇ ਦੀ ਪੜ੍ਹਾਈ ਕਰਨ ਦਾ ਬਹਾਨਾ ਲਾਉਂਦੇ ਹਨ।

ਇਹ ਤਬਦੀਲੀਆਂ ਸ਼ੁੱਧ ਵਿਦੇਸ਼ੀ ਪ੍ਰਵਾਸ ਨੂੰ ਘਟਾਉਣ ਅਤੇ ਇੱਕ ਛੋਟੀ, ਬਿਹਤਰ ਯੋਜਨਾਬੱਧ ਅਤੇ ਵਧੇਰੇ ਰਣਨੀਤਕ ਪ੍ਰਵਾਸ ਪ੍ਰਣਾਲੀ ਬਣਾਉਣ ਦੀ ਰਣਨੀਤੀ ਦਾ ਹਿੱਸਾ ਹਨ ਜਿਸ ਨਾਲ ਆਸਟ੍ਰੇਲੀਆ ਨੂੰ ਫ਼ਾਇਦਾ ਹੋਵੇ। ਸਰਕਾਰ ਇਸ ਯੋਜਨਾ ਦੇ ਹਿੱਸੇ ਵਜੋਂ ਅੰਤਰਰਾਸ਼ਟਰੀ ਸਿੱਖਿਆ ਵਿੱਚ ਚੋਰ ਮੋਰੀਆਂ ਨੂੰ ਬੰਦ ਕਰਨ ਲਈ ਵਚਨਬੱਧ ਹੈ। ਸਰਕਾਰ ਦਾ ਉਦੇਸ਼ ਆਸਟ੍ਰੇਲੀਆ ’ਚ ਲੰਮੇ ਸਮੇਂ ਤਕ ਰਹਿਣ ਲਈ ਵਿਦਿਆਰਥੀਆਂ ਨੂੰ ਸਕਿੱਲਡ ਨੌਕਰੀਆਂ ਲੱਭਣ ਲਈ ਪ੍ਰੇਰਿਤ ਕਰਨਾ ਹੈ ਅਤੇ ਜੇਕਰ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਦੇਸ਼ ਛੱਡ ਜਾਣ ਤਾਂ ਕਿ ਉਨ੍ਹਾਂ ਦੇ ‘ਸਥਾਈ ਤੌਰ ’ਤੇ ਅਸਥਾਈ’ ਬਣਨ ਦੀ ਸੰਭਾਵਨਾ ਘੱਟ ਹੋਵੇ।