ਮੈਲਬਰਨ : 17 ਸਾਲ ਪਹਿਲਾਂ 2010 ’ਚ ਸਥਾਪਤ ਗੋਲਡ ਕੋਸਟ ਸਿੱਖ ਐਸੋਸੀਏਸ਼ਨ ਪ੍ਰਾ. ਲਿਮ. ਨੂੰ ਦੀਵਾਲੀਆ ਐਲਾਨ ਕਰ ਦਿੱਤਾ ਗਿਆ ਹੈ। ਕੰਪਨੀ ਦੀ 7 ਜੂਨ ਨੂੰ ਹੋਈ ਜਨਰਲ ਮੀਟਿੰਗ ’ਚ ਕੰਪਨੀ ਨੂੰ ਸਮੇਟਣ ਦਾ ਮਤਾ ਪਾਸ ਕਰ ਦਿੱਤਾ ਗਿਆ ਅਤੇ ਮਾਰਕ ਵਿਲੀਅਮ ਪੀਅਰਸ ਤੇ ਮਾਈਕਲ ਡਲਵੇ ਨੂੰ ਲਿਕੁਈਡੇਟਰ ਬਣਾਿੲਅਾ ਗਿਆ ਹੈ। ਇਹ ਕੰਪਨੀ ਕਾਫ਼ੀ ਦੇਰ ਤੋਂ ਵਿਵਾਦਾਂ ’ਚ ਘਿਰੀ ਹੋਈ ਹੈ ਜਿਸ ਨੇ ਇਸ ਇਲਾਕੇ ’ਚ 300 ਤੋਂ ਵੱਧ ਸਿੱਖ ਪ੍ਰਵਾਰਾਂ ਲਈ ਗੋਲਡ ਕੋਸਟ ਦਾ ਪਹਿਲਾ ਗੁਰਦੁਆਰਾ ਬਣਾਇਆ ਸੀ। ਹਾਲਾਂਕਿ ਇਸ ਨੂੰ ਕੁੱਝ ਸਮੇਂ ਬਾਅਦ ਹੀ ਇੱਕ ਇਸਾਈ ਧਾਰਮਕ ਸੰਸਥਾ ਨੂੰ 5.61 ਮਿਲੀਅਨ ਡਾਲਰ ’ਚ ਵੇਚ ਦਿੱਤਾ ਗਿਆ ਸੀ। ਗੁਰਦੁਆਰੇ ਨੂੰ ਦਿੱਤੇ 1 ਲਗਭਗ ਮਿਲੀਅਨ ਡਾਲਰ ਦੇ ਦਾਨ ਦੀ ਰਕਮ ’ਤੇ ਵੀ ਸਵਾਲ ਚੁੱਕੇ ਗਏ ਸਨ।
ਗੁਰਦੁਆਰੇ ਨੂੰ ਇੱਕ ਪ੍ਰਾਈਵੇਟ ਕੰਪਨੀ, ਗੋਲਡ ਕੋਸਟ ਸਿੱਖ ਐਸੋਸੀਏਸ਼ਨ, ਨੇ ਵੇਚ ਦਿੱਤਾ ਸੀ ਜਿਸ ਦੀ ਮਲਕੀਅਤ ਅਕਾਊਂਟੈਂਟ ਸੁਰਜੀਤ ਸਿੰਘ ਆਹਲੂਵਾਲੀਆ ਕੋਲ ਸੀ। 44 ਸਾਲ ਦੇ ਸੁਰਜੀਤ ਸਿੰਘ 2018 ’ਚ ਕਾਮਨਵੈਲਥ ਖੇਡਾਂ ਦੀ ਰਿਲੇ ਦੌਰਾਨ ਕੁਈਨਜ਼ ਬੈਟਨ ਚੁੱਕਣ ਤੋਂ ਬਾਅਦ ਸੁਰਖੀਆਂ ’ਚ ਆ ਗਏ ਸਨ। ਸੁਰਜੀਤ ਸਿੰਘ ਨੇ ਕਿਹਾ ਕਿ ਕੰਪਨੀ ਹੁਣ ਕੰਮ ਨਹੀਂ ਕਰ ਰਹੀ ਹੈ ਜਿਸ ਕਾਰਨ ਉਨ੍ਹਾਂ ਨੇ ਕੰਪਨੀ ਦੀ ਲੀਕੁਈਡੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਬੈਂਕਾਂ ਨੂੰ ਕਰਜ਼ਾ ਵਾਪਸ ਕਰ ਦਿੱਤਾ ਗਿਆ। ਮੈਨੂੰ ਨੁਕਸਾਨ ਹੋਇਆ, ਪਰ ਗੱਲ ਖ਼ਤਮ। ਕਿਸੇ ਦਾ ਕੋਈ ਪੈਸਾ ਬਕਾਇਆ ਨਹੀਂ ਰਹਿੰਦਾ।’’ ਉਨ੍ਹਾਂ ਦਾਅਵਾ ਕੀਤਾ ਕਿ ਦਾਨ ਕੀਤੀ ਕੋਈ ਰਕਮ ਉਨ੍ਹਾਂ ਦੀ ਕੰਪਨੀ ’ਚ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਕਾਰਨ ਗੁਰਦੁਆਰਾ ਬੰਦ ਹੋ ਗਿਆ ਸੀ ਕਿਉਂਕਿ ਉਨ੍ਹਾਂ ਕੋਲ ਗੁਰਦੁਆਰਾ ਚਲਾਉਣ ਦਾ ਖ਼ਰਚ ਨਹੀਂ ਸੀ ਅਤੇ ਲੋਕਾਂ ਨੇ ਗੁਰਦੁਆਰੇ ਲਈ ਦਾਨ ਦੇਣਾ ਬੰਦ ਕਰ ਦਿੱਤਾ ਸੀ।