ਇਮੀਗ੍ਰੇਸ਼ਨ ਕਾਨੂੰਨ ਨੂੰ ਲੈ ਕੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਆਹਮੋ-ਸਾਹਮਣੇ, ਨਿਊਜ਼ੀਲੈਂਡ ਨੇ ਦਿੱਤੀ ਆਸਟ੍ਰੇਲੀਆ ਨੂੰ ਚੇਤਾਵਨੀ

ਮੈਲਬਰਨ: ਵਿਦੇਸ਼ੀ ਨਾਗਰਿਕਤਾ ਵਾਲੇ ਲੋਕਾਂ ਵੱਲੋਂ ਆਸਟ੍ਰੇਲੀਆ ’ਚ ਅਪਰਾਧਾਂ ਨੂੰ ਅੰਜਾਮ ਦੇਣ ਦੇ ਮਾਮਲੇ ’ਚ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਇਲਸ ਵੱਡੇ ਵਿਵਾਦ ’ਚ ਫੱਸ ਗਏ ਹਨ। ਤਾਜ਼ਾ ਵਿਵਾਦ ਉਨ੍ਹਾਂ ਵੱਲੋਂ ਪਿਛਲੇ ਸਾਲ ਜਰੀ ਇਕ ਵਿਵਾਦਪੂਰਨ ਹਦਾਇਤ ਦੇ ਦੁਆਲੇ ਘੁੰਮਦਾ ਹੈ ਜਿਸ ਨੂੰ ‘ਮਿਨੀਸਟਰ ਡਾਇਰੈਕਸ਼ਨ 99’ ਕਿਹਾ ਜਾਂਦਾ ਹੈ। ਇਸ ਹਦਾਇਤ ਅਨੁਸਾਰ ਜੇਕਰ ਕੋਈ ਵਿਦੇਸ਼ੀ ਨਾਗਰਿਕਤਾ ਵਾਲਾ ਵਿਅਕਤੀ ਲੰਮੇ ਸਮੇਂ ਤੋਂ ਆਸਟ੍ਰੇਲੀਆ ’ਚ ਹੀ ਰਹਿ ਰਿਹਾ ਹੋਵੇ ਤਾਂ ਉਸ ਨੂੰ ਡੀਪੋਰਟ ਨਹੀਂ ਕੀਤਾ ਜਾ ਸਕਦਾ। ਇਹ ਖੁਲਾਸਾ ਹੋਇਆ ਹੈ ਕਿ ਐਡਮਿਨੀਸਟ੍ਰੇਟਿਵ ਅਪੀਲ ਟ੍ਰਿਬਿਊਨਲ (AAT) ਨੇ ਇਸ ਹਦਾਇਤ ਦੇ ਨਤੀਜੇ ਵਜੋਂ ਬਲਾਤਕਾਰੀਆਂ, ਨਸ਼ਾ ਤਸਕਰਾਂ ਅਤੇ ਅਗਵਾਕਾਰਾਂ ਸਮੇਤ ਦੋਸ਼ੀ ਅਪਰਾਧੀਆਂ ਦੇ ਵੀਜ਼ੇ ਬਹਾਲ ਕਰ ਦਿੱਤੇ ਹਨ।

ਕਿਉਂ ਪੈਦਾ ਹੋਇਆ ਵਿਵਾਦ?

ਇਕ ਖਾਸ ਤੌਰ ’ਤੇ ਚਿੰਤਾਜਨਕ ਮਾਮਲਾ ਇਕ ਅਜਿਹੇ ਅਪਰਾਧੀ ਨਾਲ ਜੁੜਿਆ ਸੀ ਜਿਸ ਨੇ ਆਪਣੇ ਬੱਚੇ ਦੀ ਮਾਂ ਦਾ ਕਤਲ ਕਰ ਦਿੱਤਾ ਸੀ ਅਤੇ ਜੇਲ੍ਹ ਦੀ ਸਜ਼ਾ ਕੱਟਣ ਤੋਂ ਬਾਅਦ ਉਸ ਨੂੰ AAT ਨੇ ਦੇਸ਼ ਅੰਦਰ ਰਹਿਣ ਦੀ ਇਜਾਜ਼ਤ ਦੇ ਦਿੱਤੀ ਸੀ। ਇਸ ਵਿਅਕਤੀ ਨੇ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਕੁਝ ਹਫ਼ਤਿਆਂ ਬਾਅਦ ਬ੍ਰਿਸਬੇਨ ਵਿੱਚ ਇੱਕ ਹੋਰ ਵਿਅਕਤੀ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਜਾਇਲਸ ’ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਵੱਲੋਂ ਜਾਰੀ ਹਦਾਇਤ ਕਾਰਨ ਆਸਟ੍ਰੇਲੀਆ ਦੇ ਲੋਕ ਸੁਰੱਖਿਅਤ ਨਹੀਂ ਰਹੇ ਹਨ।

ਵਿਵਾਦ ਮਗਰੋਂ ਝੁਕੇ ਜਾਇਲਸ, ਪਰ ਅਸਤੀਫ਼ਾ ਦੇਣ ਤੋਂ ਕੀਤਾ ਇਨਕਾਰ

ਵਿਵਾਦ ਦੇ ਜਵਾਬ ਵਿੱਚ, ਜਾਇਲਸ ਵਿਵਾਦਪੂਰਨ ਆਪਣੀ ਹਦਾਇਤ ਨੂੰ ਵਾਪਸ ਲੈਣ ਅਤੇ ਇੱਕ ਨਵਾਂ ਹੁਕਮ ਜਾਰੀ ਕਰਨ ਲਈ ਸਹਿਮਤ ਹੋਏ। ਉਨ੍ਹਾਂ ਕਿਹਾ ਕਿ ਨਵੀਂ ਹਦਾਇਤ ਕਮਿਊਨਿਟੀ ਦੀ ਸੁਰੱਖਿਆ ’ਤੇ ਵਧੇਰੇ ਜ਼ੋਰ ਦੇਵੇਗੀ। ਵਿਵਾਦ ਅਤੇ ਆਲੋਚਨਾ ਦੇ ਬਾਵਜੂਦ ਜਾਇਲਸ ਨੇ ਇਮੀਗ੍ਰੇਸ਼ਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਨਿਊਜ਼ੀਲੈਂਡ ਕਿਉਂ ਭੜਕਿਆ?

ਹਾਲਾਂਕਿ ਜਾਇਲਸ ਦੇ ਬਿਆਨ ਤੋਂ ਬਾਅਦ ਗੁਆਂਢੀ ਦੇਸ਼ ਨਿਊਜ਼ੀਲੈਂਡ ਭੜਕ ਗਿਆ ਹੈ। ਕਥਿਤ ਤੌਰ ’ਤੇ ਜਾਇਲਸ ਵੱਲੋਂ ਪਿਛਲੇ ਸਾਲ ਜਾਰੀ ਹਦਾਇਤ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਟਾ ਆਰਡਨ ਦੇ ਦਬਾਅ ਹੇਠ ਜਾਰੀ ਕੀਤੀ ਗਈ ਸੀ। ਪਰ ਜਾਇਲਸ ਦੇ ਤਾਜ਼ਾ ਬਿਆਨ ਮਗਰੋਂ ਨਿਊਜ਼ੀਲੈਂਡ ਨੇ ਆਸਟ੍ਰੇਲੀਆ ਨੂੰ ਅਪੀਲ ਕੀਤੀ ਹੈ ਕਿ ਉਹ ਕਾਨੂੰਨ ’ਚ ਤਬਦੀਲੀ ਕਰ ਕੇ ਕੀਵੀ ਮੂਲ ਦੇ ਅਪਰਾਧੀਆਂ ਨੂੰ ਉਨ੍ਹਾਂ ਦੇ ਦੇਸ਼ ਨਾ ਭੇਜੇ।

ਅਸਲ ’ਚ ਰੇੜਕਾ ਨਿਊਜ਼ੀਲੈਂਡ ਦੇ ਇਕ ਅਜਿਹੇ ਵਿਅਕਤੀ ’ਤੇ ਹੈ ਜਿਸ ਨੂੰ CHCY ਵਜੋਂ ਜਾਣਿਆ ਜਾਂਦਾ ਹੈ, ਉਸ ਨੂੰ ਟ੍ਰਿਬਿਊਨਲ ਨੇ ਆਪਣੀ ਮਤਰੇਈ ਧੀ ਨਾਲ ਬਲਾਤਕਾਰ ਦਾ ਦੋਸ਼ੀ ਪਾਏ ਜਾਣ ਦੇ ਬਾਵਜੂਦ ਆਪਣਾ ਵੀਜ਼ਾ ਰੱਖਣ ਦੀ ਆਗਿਆ ਦਿੱਤੀ ਸੀ 

ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਵਿੰਸਟਨ ਪੀਟਰਸ ਨੇ ਇਕ ਬਿਆਨ ਵਿਚ ਕਿਹਾ, ‘‘ਅਸੀਂ ਸਵੀਕਾਰ ਕਰਦੇ ਹਾਂ ਕਿ ਆਸਟ੍ਰੇਲੀਆ ਨੂੰ ਇਹ ਨਿਰਧਾਰਤ ਕਰਨ ਦਾ ਅਧਿਕਾਰ ਹੈ ਕਿ ਗੈਰ-ਨਾਗਰਿਕਾਂ ਨੂੰ ਕਿਸ ਪੱਧਰ ਤਕ ਬਰਦਾਸ਼ਤ ਕਰਨਾ ਹੈ। ਪਰ ਅਸੀਂ ਉਨ੍ਹਾਂ ਲੋਕਾਂ ਨੂੰ ਵਾਪਸ ਨਹੀਂ ਚਾਹੁੰਦੇ, ਜਿਨ੍ਹਾਂ ਦਾ ਨਿਊਜ਼ੀਲੈਂਡ ਨਾਲ ਬਹੁਤ ਘੱਟ ਜਾਂ ਕੋਈ ਸਬੰਧ ਨਹੀਂ ਹੈ।’’

ਉਨ੍ਹਾਂ ਕਿਹਾ, ‘‘ਅਸੀਂ ਪ੍ਰਧਾਨ ਮੰਤਰੀ ਅਲਬਾਨੀਜ਼ ਦੀ ਉਨ੍ਹਾਂ ਲੋਕਾਂ ਨੂੰ ਨਿਊਜ਼ੀਲੈਂਡ ਭੇਜਣ ਲਈ ‘ਕਾਮਨ ਸੈਂਸ’ ਦੀ ਪਹੁੰਚ ਅਪਣਾਉਣ ਦੀ ਵਚਨਬੱਧਤਾ ’ਤੇ ਜ਼ੋਰ ਦਿੰਦੇ ਹਾਂ, ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਆਸਟ੍ਰੇਲੀਆ ਵਿਚ ਹੀ ਬਿਤਾਈ ਹੋਵੇ।’’ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ’ਤੇ ਰਾਜਨੀਤਿਕ ਪੱਧਰ ’ਤੇ ਆਸਟ੍ਰੇਲੀਆ ਨਾਲ ਗੱਲਬਾਤ ਕਰ ਰਹੇ ਹਨ।