ਮੈਲਬਰਨ: ਕੁਈਨਜ਼ਲੈਂਡ ਦੇ ਦੱਖਣ-ਪੂਰਬੀ ਇਲਾਕੇ ‘ਚ ਅੱਜ ਸਵੇਰੇ ਇਕ ਕਾਰ ਅਤੇ ਟਰੱਕ ਦੀ ਟੱਕਰ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਬ੍ਰਿਸਬੇਨ ਦੇ ਉੱਤਰ-ਪੱਛਮ ‘ਚ ਨਾਨਗੋ ਨੇੜੇ ਡੀ’ਅਗੁਇਲਰ ਹਾਈਵੇਅ ‘ਤੇ ਸਵੇਰੇ ਕਰੀਬ 5:45 ਵਜੇ ਵਾਪਰਿਆ। ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਇੱਕ 81 ਸਾਲ ਦੀ ਔਰਤ, ਇੱਕ 84 ਸਾਲ ਦਾ ਮਰਦ ਅਤੇ ਇੱਕ 54 ਸਾਲ ਦਾ ਮਰਦ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਸਟੀਵਨ ਵ੍ਹੀਲਰ, ਉਸ ਦੇ ਮਾਤਾ ਅਤੇ ਪਿਤਾ ਮਾਰਗਰੇਟ ਅਤੇ ਰੌਬਰਟ ਵ੍ਹੀਲਰ ਵੱਜੋਂ ਹੋਈ ਹੈ। 52 ਸਾਲ ਦੇ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗਣ ਤੋਂ ਬਾਅਦ ਸਥਿਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਹੈ। ਹਾਈਵੇਅ ਨੂੰ ਦੋਵਾਂ ਦਿਸ਼ਾਵਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ। ਡਰਾਈਵਰਾਂ ਨੂੰ ਇਸ ਖੇਤਰ ਤੋਂ ਬਚਣ ਦੀ ਅਪੀਲ ਕੀਤੀ ਜਾਂਦੀ ਹੈ। ਪੁਲਿਸ ਵੱਲੋਂ ਕਿਸੇ ਵੀ ਗਵਾਹ ਜਾਂ ਡੈਸ਼ਕੈਮ ਫੁਟੇਜ ਜਾਂ CCTV ਵਾਲੇ ਕਿਸੇ ਵੀ ਵਿਅਕਤੀ ਨੂੰ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।