ਆਸਟ੍ਰੇਲੀਆ ’ਚ ਔਰਤਾਂ ਵਿਰੁਧ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ, ਹੁਣ ਪਰਥ ਨੇੜੇ ਵਾਪਰੀ ਵਾਰਦਾਤ ’ਚ ਮਾਂ-ਧੀ ਦੀ ਗਈ ਜਾਨ

ਮੈਲਬਰਨ: ਪਰਥ ਦੇ ਸਬਅਰਬ ਫ਼ਲੋਰੀਟ ‘ਚ ਸ਼ੁਕਰਵਾਰ ਦੁਪਹਿਰ ਨੂੰ ਇਕ 63 ਸਾਲ ਦੇ ਵਿਅਕਤੀ ਨੇ ਗੋਲੀ ਮਾਰ ਕੇ ਦੋ ਔਰਤਾਂ ਦਾ ਕਤਲ ਕਰ ਦਿੱਤਾ। ਪੁਲਿਸ ਆਉਂਦਿਆਂ ਹੀ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜਾਨ ਲੈ ਲਈ। ਮ੍ਰਿਤਕਾਂ ’ਚ 59 ਸਾਲ ਦੀ ਇੱਕ ਔਰਤ ਅਤੇ ਉਸ ਦੀ 18 ਸਾਲ ਦੀ ਧੀ ਸ਼ਾਮਲ ਹਨ। ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਜਾਰੀ ਨਹੀਂ ਕੀਤੀ ਹੈ ਪਰ ਇਹ ਦਸਿਆ ਕਿ ਮ੍ਰਿਤਕ ਔਰਤ ਹਮਲਾਵਰ ਦੀ ਸਾਬਕਾ ਪਤਨੀ ਦੀ ਸਹੇਲੀ ਸੀ, ਜਿਸ ਨੇ ਹਾਲ ਹੀ ਵਿਚ ਉਸ ਨੂੰ ਤਲਾਕ ਦੇ ਦਿੱਤਾ ਸੀ। ਦਸਿਆ ਜਾ ਰਿਹਾ ਹੈ ਕਿ ਕਾਤਲ ਆਪਣੀ ਸਾਬਕਾ ਪਤਨੀ ਦੀ ਤਲਾਸ਼ ’ਚ ਆਇਆ ਸੀ। ਉਹ ਉਸ ਸਮੇਂ ਉੱਥੇ ਨਹੀਂ ਸੀ, ਪਰ ਉਸ ਨੇ ਮ੍ਰਿਤਕ ਅਤੇ ਉਸ ਦੀ ਧੀ ਨੂੰ ਪਹਿਲਾਂ ਹੀ ਫ਼ੋਨ ਕਰ ਕੇ ਲੁਕ ਜਾਣ ਲਈ ਸੂਚਿਤ ਕਰ ਦਿੱਤਾ ਸੀ। ਹਮਲਾਵਰ ਦੇ  ਸਿਰ ’ਤੇ ਏਨਾ ਜਨੂੰਨ ਸੀ ਕਿ ਉਸ ਨੇ ਆਪਣੀ ਪਤਨੀ ਦੀ ਸਹੇਲੀ ਅਤੇ ਉਸ ਦੀ ਨੌਜਵਾਨ ਧੀ ਦੀ ਹੀ ਜਾਨ ਲੈ ਲਈ।

ਇਸ ਘਟਨਾ ਨੇ ਆਮ ਤੌਰ ‘ਤੇ ਸੁਰੱਖਿਅਤ ਅਤੇ ਘੁਲ-ਮਿਲ ਕੇ ਰਹਿਣ ਵਾਲੇ ਛੋਟੇ ਜਿਹੇ ਭਾਈਚਾਰੇ ਨੂੰ ਝੰਜੋੜ ਦੇ ਰੱਖ ਦਿੱਤਾ ਹੈ। ਆਜ਼ਾਦ ਸੰਸਦ ਮੈਂਬਰ ਕੇਟ ਚੈਨੀ ਨੇ ਪਰਿਵਾਰ ਲਈ ਦੁੱਖ ਪ੍ਰਗਟ ਕੀਤਾ ਅਤੇ ਔਰਤਾਂ ਵਿਰੁੱਧ ਹਿੰਸਾ ਨੂੰ ਖਤਮ ਕਰਨ ਦੀ ਜ਼ਰੂਰਤ ਨੂੰ ਦੁਹਰਾਇਆ। ਕਾਤਲ ਦੀ ਸਾਬਕਾ ਪਤਨੀ ਅਤੇ ਮ੍ਰਿਤਕ ਔਰਤ ਦੀ ਦੂਜੀ ਧੀ ਹੁਣ ਪੁਲਿਸ ਦੀ ਦੇਖਭਾਲ ਵਿੱਚ ਹਨ। ਬਚੀ ਹੋਈ ਧੀ, ਜਿਸ ਦੀ ਉਮਰ 22 ਸਾਲ ਹੈ, ਪਰਿਵਾਰ ਦੀ ਇਕਲੌਤੀ ਬਾਕੀ ਮੈਂਬਰ ਹੈ, ਕਿਉਂਕਿ ਉਸ ਦੇ ਪਿਤਾ ਦੀ ਵੀ 2019 ਵਿੱਚ ਬਿਮਾਰੀ ਕਾਰਨ ਮੌਤ ਹੋ ਗਈ ਸੀ। ਪੁਲਿਸ ਇਨ੍ਹਾਂ ਦੁਖਦਾਈ ਹਾਲਾਤਾਂ ਵਿੱਚ ਉਨ੍ਹਾਂ ਦੀ ਸਹਾਇਤਾ ਕਰ ਰਹੀ ਹੈ।

Leave a Comment