ਮੈਲਬਰਨ: 80 ਸਾਲ ਦੀ ਉਮਰ ਦਾ ਇੱਕ ਆਸਟ੍ਰੇਲੀਆਈ ਵਿਅਕਤੀ, ਜਿਸ ਨੂੰ ‘ਪੇਸ਼ੰਟ ਵਨ’ ਦਾ ਨਾਂ ਦਿੱਤਾ ਗਿਆ ਹੈ, ਦੱਖਣੀ ਗੋਲਾਰਧ ਵਿੱਚ ਪਹਿਲਾ ਅਜਿਹਾ ਵਿਅਕਤੀ ਬਣ ਗਿਆ ਹੈ ਜਿਸ ਦਾ ਸਰੀਰ ਮੌਤ ਤੋਂ ਬਾਅਦ ਕ੍ਰਾਇਓਜੈਨਿਕ ਤੌਰ ‘ਤੇ ਠੰਢਾ ਕਰ ਕੇ ਸੰਭਾਲ ਲਿਆ ਗਿਆ ਹੈ। ਉਸ ਦੀ ਲਾਸ਼ ਨੂੰ ਇਸ ਉਮੀਦ ’ਚ ਸੰਭਾਲ ਦੇ ਰੱਖਿਆ ਗਿਆ ਹੈ ਕਿ ਭਵਿੱਖ ਦੀ ਮੈਡੀਕਲ ਤਕਨਾਲੋਜੀ ਉਸ ਨੂੰ ਮੁੜ ਜ਼ਿੰਦਾ ਕਰਨ ਦੇ ਯੋਗ ਹੋ ਸਕਦੀ ਹੈ। ਇਹ ਪ੍ਰਕਿਰਿਆ ਫਿਲਿਪ ਰੋਡਸ ਦੀ ਮਲਕੀਅਤ ਵਾਲੀ ਸਦਰਨ ਕ੍ਰਾਇਓਨਿਕਸ ਵੱਲੋਂ ਅਮਲ ’ਚ ਲਿਆਂਦੀ ਗਈ ਹੈ। ਲਗਭਗ 170,000 ਡਾਲਰ ਦੀ ਲਾਗਤ ਵਾਲੀ ਇਸ ਗੁੰਝਲਦਾਰ ਪ੍ਰਕਿਰਿਆ ਵਿਚ ਸਰੀਰ ਵਿਚ ਤਰਲ ਨੂੰ ਪੰਪ ਕਰ ਕੇ ਸੈੱਲਾਂ ਨੂੰ ਸੁਰੱਖਿਅਤ ਕਰਨਾ ਅਤੇ ਇਸ ਨੂੰ -200 ਡਿਗਰੀ ਸੈਲਸੀਅਸ ਤੱਕ ਠੰਢਾ ਕਰਨਾ ਸ਼ਾਮਲ ਹੁੰਦਾ ਹੈ। ਇਸ ਤੋਂ ਬਾਅਦ ਲਾਸ਼ ਨੂੰ ਨਿਊ ਸਾਊਥ ਵੇਲਜ਼ ਦੇ ਹੋਲਬਰੂਕ ਸਥਿਤ ਉਨ੍ਹਾਂ ਦੀ ਸਹੂਲਤ ‘ਚ ਵੈਕਿਊਮ ਸਟੋਰੇਜ ਪੋਡ ‘ਚ ਰੱਖਿਆ ਗਿਆ। ਇਸ ਸਹੂਲਤ ਨੂੰ 30 ਸੰਸਥਾਪਕ ਮੈਂਬਰਾਂ ਵੱਲੋਂ ਫੰਡ ਦਿੱਤਾ ਗਿਆ ਹੈ, ਜਿਨ੍ਹਾਂ ’ਚੋਂ ਹਰੇਕ ਨੇ 50,000 ਦਾ ਭੁਗਤਾਨ ਕੀਤਾ ਹੈ। ਇਸ ਸਹੂਲਤ ’ਚ 40 ਸਰੀਰ ਸੰਭਾਲ ਕੇ ਰੱਖੇ ਜਾ ਸਕਦੇ ਹਨ ਅਤੇ ਇਸ ਦੇ ਵਿਸਥਾਰ ਦੀਆਂ ਯੋਜਨਾਵਾਂ ਚੱਲ ਰਹੀਆਂ ਹਨ।