ਬਿਨਾਂ ਡਿਗਰੀ ਤੋਂ ਇਕ ਹਫਤੇ ਦੀ ਟ੍ਰੇਨਿੰਗ ਲੈ ਕੇ ਇਹ ਬੰਦਾ ਹਰ ਸਾਲ ਕਮਾ ਰਿਹੈ 80 ਹਜ਼ਾਰ ਡਾਲਰ

ਮੈਲਬਰਨ: ਚੰਗੀ ਤਨਖਾਹ ਵਾਲੀ ਨੌਕਰੀ ਲਈ ਹਰ ਵਾਰੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਅੱਜਕਲ੍ਹ ਲੋਕ ਕੁਝ ਸਮੇਂ ਦੀ ਟ੍ਰੇਨਿੰਗ ਨਾਲ ਅਜਿਹਾ ਕੰਮ ਕਰ ਰਹੇ ਹਨ, ਜਿਸ ਨਾਲ ਮੋਟੀ ਕਮਾਈ ਹੋ ਰਹੀ ਹੈ। ਆਸਟ੍ਰੇਲੀਆ ਦੇ ਇਕ ਵਿਅਕਤੀ ਦੀ ਵੀਡੀਉ ਵਾਇਰਲ ਹੋ ਰਹੀ ਹੈ ਜੋ ਸਿਰਫ ਇਕ ਹਫਤੇ ਦੀ ਟ੍ਰੇਨਿੰਗ ਲੈ ਕੇ ਹਰ ਸਾਲ 80 ਹਜ਼ਾਰ ਡਾਲਰ ਕਮਾ ਰਿਹਾ ਹੈ।

ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਨੌਕਰੀ ਐਪ ਗੇਟਹੈਡ ਨੇ ਹਾਲ ਹੀ ’ਚ ਸਿਡਨੀ ’ਚ ਰਹਿਣ ਵਾਲੇ ਇਸ ਵਿਅਕਤੀ ਦਾ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ ’ਚ ਇਹ ਵਿਅਕਤੀ ਦੱਸ ਰਿਹਾ ਹੈ ਕਿ ਉਹ ਹਰ ਘੰਟੇ ਆਮ ਆਸਟ੍ਰੇਲੀਆਈ ਲੋਕਾਂ ਤੋਂ ਜ਼ਿਆਦਾ ਕਮਾਈ ਕਰ ਰਿਹਾ ਹੈ। ਵਿਅਕਤੀ ਨੇ ਕਿਹਾ ਕਿ ਉੱਚੀਆਂ ਇਮਾਰਤਾਂ ਦੀ ਮੁਰੰਮਤ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉੱਚੀਆਂ ਇਮਾਰਤਾਂ ’ਚ ਕਈ ਵਾਰ ਤਰੇੜਾਂ ਪੈ ਜਾਂਦੀਆਂ ਹਨ, ਜਿਨ੍ਹਾਂ ਨੂੰ ਜਲਦ ਤੋਂ ਜਲਦ ਠੀਕ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਉਸ ਦਾ ਕੰਮ ਇਮਾਰਤਾਂ ਦੀਆਂ ਖਿੜਕੀਆਂ ਨੂੰ ਸਾਫ਼ ਕਰਨ ਤੋਂ ਲੈ ਕੇ ਉਨ੍ਹਾਂ ਵਿੱਚ ਟੁੱਟ-ਭੱਜ ਦੀ ਮੁਰੰਮਤ ਕਰਨ ਤੱਕ ਹੈ।

ਵਾਇਰਲ ਵੀਡੀਓ ’ਚ ਉਸ ਨੇ ਦੱਸਿਆ ਕਿ ਇੰਡਸਟਰੀਅਲ ਰੋਪਸ ਐਕਸੈਸ ਟਰੇਡ ਐਸੋਸੀਏਸ਼ਨ (IRATA) ਇਸ ਦੀ ਟ੍ਰੇਨਿੰਗ ਦਿੰਦੀ ਹੈ। ਇਹ ਸਿਖਲਾਈ ਸਿਰਫ ਇੱਕ ਹਫ਼ਤੇ ਲਈ ਹੈ। ਉਸ ਨੇ ਦੱਸਿਆ ਕਿ ‘ਜੇ ਤੁਸੀਂ ਉਚਾਈਆਂ ਤੋਂ ਡਰਦੇ ਹੋ, ਤਾਂ ਇਹ ਕੰਮ ਤੁਹਾਡੇ ਲਈ ਨਹੀਂ ਹੈ। ਹਾਲਾਂਕਿ, ਸੁਰੱਖਿਆ ਦੀ ਪੂਰੀ ਗਰੰਟੀ ਹੈ, ਕਿਉਂਕਿ ਤੁਹਾਡੇ ਸਰੀਰ ਵਿੱਚ ਮਜ਼ਬੂਤ ਰੱਸੀਆਂ ਬੰਨ੍ਹੀਆਂ ਹੁੰਦੀਆਂ ਹਨ, ਜੋ ਤੁਹਾਨੂੰ ਜ਼ਮੀਨ ’ਤੇ ਡਿੱਗਣ ਨਹੀਂ ਦਿੰਦੀਆਂ।’ ਸਿਖਲਾਈ ਲੈਣ ਤੋਂ ਤੁਰੰਤ ਬਾਅਦ ਉਸ ਨੂੰ ਸਿਡਨੀ ਵਿੱਚ ਚੰਗੀ ਨੌਕਰੀ ਮਿਲ ਗਈ। ਇਸ ਕੰਮ ਨੂੰ ‘ਰੋਪ ਐਕਸੈਸ ਵਰਕਰ’ ਕਿਹਾ ਜਾਂਦਾ ਹੈ ਅਤੇ ਆਮ ਤੌਰ ’ਤੇ ਆਸਟ੍ਰੇਲੀਆ ਵਿਚ ਇਹ ਵਰਕਰ 60 ਡਾਲਰ ਪ੍ਰਤੀ ਘੰਟਾ ਕਮਾ ਸਕਦੇ ਹਨ।

Leave a Comment