ਲੰਡਨ-ਸਿੰਗਾਪੁਰ ਉਡਾਨ ਦੀ ਐਮਰਜੈਂਸੀ ਲੈਂਡਿੰਗ, ਭਾਰੀ ਉਥਲ-ਪੁਥਲ ਕਾਰਨ ਇੱਕ ਵਿਅਕਤੀ ਦੀ ਮੌਤ, 8 ਆਸਟ੍ਰੇਲੀਆਈ ਨਾਗਰਿਕਾਂ ਸਮੇਤ 18 ਲੋਕ ਜ਼ਖ਼ਮੀ

ਮੈਲਬਰਨ: 56 ਆਸਟ੍ਰੇਲੀਆਈ ਨਾਗਰਿਕਾਂ ਨੂੰ ਲੈ ਕੇ ਲੰਡਨ ਤੋਂ ਸਿੰਗਾਪੁਰ ਜਾ ਰਹੀ ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਨੂੰ ਵਾਤਾਵਰਣ ’ਚ ਭਾਰੀ ਉਥਲ-ਪੁਥਲ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਜਹਾਜ਼ ਹਵਾ ’ਚ 6000 ਫ਼ੁੱਟ ਦਾ ਗੋਤਾ ਖਾ ਗਿਆ ਅਤੇ ਇਸ ਨੂੰ ਬੈਂਕਾਕ ਵਿਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਟਰਬਿਊਲੈਂਸ ਏਨੀ ਜ਼ਿਆਦਾ ਸੀ ਕਿ ਹਵਾਈ ਜਹਾਜ਼ ’ਚ ਬੈਠੇ ਮੁਸਾਫ਼ਰ ਛੱਤ ’ਚ ਜਾ ਵੱਜੇ ਅਤੇ ਫਿਰ ਹੇਠਾਂ ਆ ਡਿੱਗੇ।

ਹਵਾਈ ਜਹਾਜ਼ ’ਚ 56 ਆਸਟ੍ਰੇਲੀਆਈ ਨਾਗਰਿਕ ਵੀ ਸਵਾਰ ਸਨ ਜਿਨ੍ਹਾਂ ’ਚੋਂ ਅੱਠ ਨੂੰ ਸੱਟਾਂ ਲੱਗਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਆਸਟ੍ਰੇਲੀਆ ਦਾ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ (DFAT) ਬੈਂਕਾਕ ਵਿਚ ਆਸਟ੍ਰੇਲੀਆਈ ਦੂਤਘਰ ਅਤੇ ਸਿੰਗਾਪੁਰ ਵਿਚ ਆਸਟ੍ਰੇਲੀਆਈ ਹਾਈ ਕਮਿਸ਼ਨ ਨਾਲ ਮਿਲ ਕੇ ਇਹ ਪਤਾ ਲਗਾਉਣ ਲਈ ਕੰਮ ਕਰ ਰਿਹਾ ਹੈ ਕਿ ਕੀ ਹੋਰ ਆਸਟ੍ਰੇਲੀਆਈ ਪ੍ਰਭਾਵਿਤ ਹੋਏ ਹਨ। ਇਸ ਘਟਨਾ ਦੇ ਨਤੀਜੇ ਵਜੋਂ ਇੱਕ 73 ਸਾਲਾ ਬ੍ਰਿਟਿਸ਼ ਵਿਅਕਤੀ ਜੀਓਫ਼ਰੀ ਕਿਚਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਆਸਟ੍ਰੇਲੀਆ ਆ ਰਿਹਾ ਸੀ। ਜਹਾਜ਼ ’ਚ 23 ਨਿਊਜ਼ੀਲੈਂਡ ਵਾਸੀ ਵੀ ਸਵਾਰ ਸਨ।

ਕੁੱਲ ਮਿਲਾ ਕੇ 18 ਲੋਕਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ’ਚ ਚਾਲਕ ਦਲ ਦਾ ਇਕ ਮੈਂਬਰ ਵੀ ਸ਼ਾਮਲ ਹੈ। ਜ਼ਖਮੀ ਨਹੀਂ ਹੋਏ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਕਿਸੇ ਹੋਰ ਜਹਾਜ਼ ਰਾਹੀਂ ਅੱਗੇ ਲਿਜਾਇਆ ਜਾਵੇਗਾ। ਸਿੰਗਾਪੁਰ ਦੇ ਟਰਾਂਸਪੋਰਟ ਮੰਤਰੀ ਨੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਅਤੇ ਪ੍ਰਭਾਵਿਤ ਯਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਹਾਇਤਾ ਦਾ ਭਰੋਸਾ ਦਿੱਤਾ।

Leave a Comment