ਮੈਲਬਰਨ ਨੂੰ ਛੱਡ ਕੇ ਸਾਰੇ ਆਸਟ੍ਰੇਲੀਆ ’ਚ ਰੈਂਟ ਰਿਕਾਰਡ ਪੱਧਰ ’ਤੇ ਪਹੁੰਚਿਆ

ਮੈਲਬਰਨ : ਆਸਟ੍ਰੇਲੀਆ ਦੀਆਂ ਜ਼ਿਆਦਾਤਰ ਕੈਪੀਟਲ ਸਿਟੀਜ਼ ਵਿੱਚ ਮਕਾਨਾਂ ਦੇ ਰੈਂਟ ਰਿਕਾਰਡ ਪੱਧਰ ‘ਤੇ ਪਹੁੰਚ ਗਏ ਹਨ। ਸਿਰਫ਼ ਮੈਲਬਰਨ ਇਸ ਵਾਧੇ ਤੋਂ ਬਾਹਰ ਹੈ, ਜਿੱਥੇ ਸਾਲਾਨਾ ਰੈਂਟ 1.7% ਘਟਿਆ ਹੈ।

ਸਿਡਨੀ ਵਿੱਚ ਮਕਾਨਾਂ ਦਾ ਔਸਤ ਰੈਂਟ ਸਭ ਤੋਂ ਜ਼ਿਆਦਾ 800 ਡਾਲਰ ਪ੍ਰਤੀ ਹਫ਼ਤਾ ਹੈ। ਇੱਥੇ ਤਿਮਾਹੀ ਵਾਧਾ 1.3% ਅਤੇ ਸਾਲਾਨਾ ਵਾਧਾ 3.93% ਦਰਜ ਕੀਤਾ ਗਿਆ ਹੈ।

ਬ੍ਰਿਸਬੇਨ ਵਿੱਚ ਰੈਂਟ ਸਭ ਤੋਂ ਤੇਜ਼ੀ ਨਾਲ ਵਧ ਕੇ 670 ਡਾਲਰ ਪ੍ਰਤੀ ਹਫ਼ਤਾ ਹੋ ਗਏ ਹਨ, ਜਿੱਥੇ ਘਰਾਂ ਦੇ ਰੈਂਟ 3.1% ਤਿਮਾਹੀ ਅਤੇ 6.3% ਸਾਲਾਨਾ ਵਧੇ ਹਨ। ਯੂਨਿਟਾਂ ਦੇ ਰੈਂਟ ਵੀ 8.3% ਵਧੇ ਹਨ।

ਮੈਲਬਰਨ ਵਿੱਚ ਮਕਾਨਾਂ ਦੇ ਰੈਂਟ ਸਭ ਤੋਂ ਘੱਟ 580 ਡਾਲਰ ਪ੍ਰਤੀ ਹਫ਼ਤਾ ਹਨ ਅਤੇ ਇੱਥੇ ਸਾਲਾਨਾ ਰੈਂਟ ’ਚ 1.7% ਦੀ ਕਮੀ ਆਈ ਹੈ। ਇਸ ਦਾ ਕਾਰਨ ਵੱਡੀ ਗਿਣਤੀ ਵਿੱਚ ਨਵੇਂ ਘਰਾਂ ਦੀ ਮਨਜ਼ੂਰੀ ਹੈ।

ਹੋਬਾਰਟ ਵਿੱਚ ਰੈਂਟ ਦਾ ਸਭ ਤੋਂ ਵੱਧ ਸਾਲਾਨਾ ਵਾਧਾ (7.1%) ਦਰਜ ਕੀਤਾ ਗਿਆ ਹੈ ਜੋ ਹੁਣ ਵਧ ਕੇ 600 ਡਾਲਰ ਪ੍ਰਤੀ ਹਫ਼ਤਾ ਹੋ ਗਿਆ ਹੈ। ਪਰਥ, ਕੈਨਬਰਾ ਅਤੇ ਡਾਰਵਿਨ ਵਿੱਚ ਘਰਾਂ ਦਾ ਔਸਤ ਕਿਰਾਇਆ 700 ਡਾਲਰ ਪ੍ਰਤੀ ਹਫ਼ਤਾ ਹੈ। ਐਡਲੇਡ ਵਿੱਚ ਯੂਨਿਟਾਂ ਦੇ ਕਿਰਾਏ 7.1% ਵਧੇ ਹਨ।

ਕੁੱਲ ਮਿਲਾ ਕੇ ਕਿਰਾਏਦਾਰਾਂ ਲਈ ਹਾਲਾਤ ਮੁਸ਼ਕਲ ਹਨ। ਬਹੁਤ ਸਾਰੇ ਲੋਕ ਸਸਤੇ ਇਲਾਕਿਆਂ ਵੱਲ ਜਾ ਰਹੇ ਹਨ ਜਾਂ ਸ਼ੇਅਰ ਹਾਊਸਾਂ ਵਿੱਚ ਰਹਿਣਾ ਪਸੰਦ ਕਰ ਰਹੇ ਹਨ। ਕੁਝ ਲੋਕ ਦੂਰ-ਦੁਰਾਡੇ ਇਲਾਕਿਆਂ ਵਿੱਚ ਜਾ ਕੇ ਰਿਮੋਟ ਕੰਮ ਕਰ ਰਹੇ ਹਨ।

ਭਵਿੱਖ ਵਿੱਚ ਜ਼ਿਆਦਾਤਰ ਸ਼ਹਿਰਾਂ ਵਿੱਚ ਕਿਰਾਏ ਦੀ ਵਾਧਾ ਦਰ ਹੌਲੀ ਰਹੇਗੀ, ਪਰ ਬ੍ਰਿਸਬੇਨ ਵਿੱਚ ਮੰਗ ਅਤੇ ਸਪਲਾਈ ਕਾਰਨ ਵਾਧਾ ਜਾਰੀ ਰਹਿ ਸਕਦਾ ਹੈ। ਕੁੱਲ ਮਿਲਾ ਕੇ, ਕਿਰਾਏ ਹੁਣ ਕੋਵਿਡ ਤੋਂ ਪਹਿਲਾਂ ਵਾਲੇ ਪੱਧਰਾਂ ਦੇ ਨੇੜੇ ਹਨ, ਜਿੱਥੇ ਹਰ ਨਵੇਂ ਲੀਜ਼ ‘ਤੇ 10–30 ਡਾਲਰ ਦੀ ਵਾਧਾ ਹੁੰਦੀ ਸੀ।