ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਅੱਜ ਪੱਗ ਬੰਨ੍ਹ ਕੇ ‘ਖਾਲਸੇ ਦੇ ਸਾਜਨਾ ਦਿਹਾੜੇ’ ਨੂੰ ਸਮਰਪਿਤ ਵਿਸਾਖੀ ਸਮਾਗਮ `ਚ ਸ਼ਮੂਲੀਅਤ ਕੀਤੀ। ਮੈਲਬਰਨ ‘ਚ ਜਿੱਥੇ ਉਨ੍ਹਾਂ ਨੇ ਸਿੱਖ ਵਲੰਟੀਅਰਜ ਆਸਟ੍ਰੇਲੀਆ ਦੇ ਕੰਮਾਂ ਦੀ ਰੱਜ ਕੇ ਪ੍ਰਸੰਸਾ ਕੀਤੀ ਅਤੇ ਸਿੱਖ ਵਲੰਟੀਅਰਜ ਦੀ 10 ਸਾਲ ਦੀ ਸੇਵਾ ਪੂਰੀ ਹੋਣ `ਤੇ ਵਧਾਈਆਂ ਵੀ ਦਿੱਤੀਆਂ। ਇਸ ਮੌਕੇ ਉਨ੍ਹਾਂ ਨਾਲ ਵਿਕਟੋਰੀਆ ਸਟੇਟ ਦੀ ਪ੍ਰੀਮੀਅਰ ਜੈਸਿੰਟਾ ਐਲਨ, ਬਰੂਸ ਐਮਪੀ ਜੂਲੀਅਨ ਹਿੱਲ ਅਤੇ ਹੋਰ ਆਗੂ ਵੀ ਨਾਲ ਸਨ।
ਲੌਕਡਾਊਨ ਦੌਰਾਨ ਸਿੱਖ ਵਲੰਟੀਅਰਾਂ ਵੱਲੋਂ ਲੋੜਵੰਦਾਂ ਤੱਕ ਭੋਜਨ ਪਹੁੰਚਾਉਣ ਵਾਲੇ ਕਾਰਜ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਆਖਿਆ ਕਿ ਕਿਸੇ ਵੀ ਹੋਰ ਕਮਿਊਨਿਟੀ ਸੰਸਥਾ ਨੇ ਅਜਿਹਾ ਕੰਮ ਨਹੀਂ ਕੀਤਾ ਜੋ ਸਿੱਖ ਵਲੰਟੀਅਰਾਂ ਨੇ ਕੀਤਾ ਸੀ। ਉਨ੍ਹਾਂ ਕਿਹਾ ਜਦੋਂ ਵੀ ਕਿਤੇ ਹੜ੍ਹ ਜਾਂ ਹੋਰ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਸਿੱਖ ਵਲੰਟੀਅਰ ਵਿਕਟੋਰੀਆ ਤੋਂ ਇਲਾਵਾ ਦੇਸ਼ ਭਰ `ਚ ਹਰ ਥਾਂ `ਤੇ ਆਪਣਾ ਬਹੁਤ ਯੋਗਦਾਨ ਪਾਉਂਦੇ ਹਨ।