ਮੈਲਬਰਨ ( Sea7 ਬਿਊਰੋ ) ਸਾਹਿਤਕ ਪੱਤਰਕਾਰੀ ਦੇ ਖੇਤਰ ਵਿੱਚ ਨਿਵੇਕਲੀ ਪਹਿਚਾਣ ਬਣਾਉਣ ਵਾਲੇ ਰਸਾਲੇ ‘ਤਾਸਮਨ‘ (Tasman) ਵੱਲੋਂ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਪੰਜਾਬੀ ਅਦਬ ਲਈ ਮਾਣਮੱਤਾ ਯੋਗਦਾਨ ਪਾਉਣ ਵਾਲੇ ਲੇਖਕਾਂ ਅਤੇ ਸਾਹਿਤਕ ਕਾਮਿਆਂ ਲਈ ਤਿੰਨ ਸਨਮਾਨ ਸ਼ੁਰੂ ਕੀਤੇ ਸਨ । ਜਿਸਦੇ ਦੂਸਰੇ ਅਤੇ ਤੀਸਰੇ ਸਾਲ ਦੇ ਸਨਮਾਨਾਂ ਦਾ ਐਲਾਨ ਤਾਸਮਨ ਦੀ ਟੀਮ ਹਰਮਨਦੀਪ ਚੜਿੱਕ , ਤਰਨਦੀਪ ਬਿਲਾਸਪੁਰ , ਸਤਪਾਲ ਭੀਖੀ , ਵਰਿੰਦਰ ਅਲੀਸ਼ੇਰ ਅਤੇ ਡਾਃ ਸੁਮੀਤ ਸ਼ੰਮੀ ਵੱਲੋਂ ਕਰ ਦਿੱਤਾ ਗਿਆ ਹੈ ।
ਮਾਸਟਰ ਗੁਰਮੇਲ ਸਿੰਘ ਬਿਲਾਸਪੁਰ (ਬਾਈ ਜੀ ) ਯਾਦਗਾਰੀ ਐਵਾਰਡ (ਅਨੁਵਾਦ ਅਤੇ ਸਿਰਜਣਾ) 2022 ਸ੍ਰੀ ਪ੍ਰਵੇਸ਼ ਸ਼ਰਮਾ ਜੀ ਨੂੰ ਦਿੱਤਾ ਜਾਵੇਗਾ , 2023 ਦਾ ਇਹ ਸਨਮਾਨ ਸਵਾਮੀ ਸਰਬਜੀਤ ਨੂੰ ਦਿੱਤਾ ਜਾਣਾ ਹੈ । ਇਸ ਸਨਮਾਨ ਵਿਚ 11000 ਰੁਪਏ ਨਗਦ, ਦੁਸ਼ਾਲਾ ਤੇ ਸਨਮਾਨ ਚਿੰਨ੍ਹ ਸ਼ਾਮਿਲ ਹੈ ।
ਪਰਦੀਪ ਸਿੰਘ ਚੜਿੱਕ ਯਾਦਗਾਰੀ ਯੁਵਾ ਸਾਹਿਤ ਸਨਮਾਨ ਜਿਸ ‘ਚ 5100 ਰੁਪਏ ਨਗਦ , ਦੁਸ਼ਾਲਾ ਅਤੇ ਸਨਮਾਨ ਚਿੰਨ੍ਹ ਸ਼ਾਮਲ ਹੈ , ਇਹ 2022 ਲਈ ਗੁਰਦੀਪ ਢਿੱਲੋਂ ਅਤੇ 2023 ਲਈ ਕਹਾਣੀਕਾਰਾ ਰੇਮਨ ਨੂੰ ਦਿੱਤਾ ਜਾਵੇਗਾ ।
ਇਸਤੋਂ ਇਲਾਵਾ ਅਦਾਰੇ ਵੱਲੋਂ ਕਾਮਰੇਡ ਹੁਕਮ ਚੰਦ ਜਿੰਦਲ ਜੀ ਦੀ ਯਾਦ ਵਿੱਚ ਸਾਹਿਤਕ ਕਾਮੇ ਵਜੋਂ ਕਾਰਜਸ਼ੀਲ ਸੰਸਥਾਂ ਜਾਂ ਵਿਅਕਤੀ ਵਿਸ਼ੇਸ਼ ਲਈ ਸ਼ਬਦ ਪ੍ਰਵਾਹ ਐਵਾਰਡ 5100 ਰੁਪਏ ਨਗਦ,ਦੁਸ਼ਾਲਾ ਅਤੇ ਸਨਮਾਨ ਚਿੰਨ੍ਹ 2022 ਲਈ ਰਜਿੰਦਰ ਬਿਮਲ ਅਤੇ 2023 ਲਈ ਪੀਪਲਜ਼ ਫੋਰਮ ਬਰਗਾੜੀ ਨੂੰ ਦਿੱਤਾ ਜਾਵੇਗਾ ।
ਅਦਾਰੇ ਵੱਲੋਂ ਜਾਣਕਾਰੀ ਦਿੰਦਿਆਂ ਤਰਨਦੀਪ ਬਿਲਾਸਪੁਰ ਨੇ ਦੱਸਿਆ ਕਿ ਉਕਤ ਇਨਾਮ ਸ਼ੁਰੂ ਕਰਨ ਦਾ ਮਕਸਦ ਜਿੱਥੇ ਅਦਬੀ ਰੂਪ ਵਿੱਚ ਅਣਗੌਲੇ ਪਰ ਜਿਕਰਯੋਗ ਲੇਖਕਾਂ ਨੂੰ ਬਣਦਾ ਮਾਣ ਸਨਮਾਨ ਦੇਣਾ ਹੈ ਉੱਥੇ ਹੀ ਇਹ ਇਨਾਮ ਤਾਸਮਨ ਦੀ ਸਮੁੱਚੀ ਸਲਾਹਕਾਰ ਅਤੇ ਸੰਪਾਦਕੀ ਟੀਮ ਵੱਲੋਂ ਪੂਰੀ ਚਰਚਾ ਉਪਰੰਤ ਫ਼ਾਈਨਲ ਕੀਤੇ ਜਾਂਦੇ ਹਨ ।
ਉਕਤ ਦੋਵੇਂ ਸਾਲਾਂ ਦੇ ਇਨਾਮਾਂ ਨੂੰ ਸਨਮਾਨ ਸਾਹਿਤ ਦੇਣ ਲਈ ਅ੍ਰਪੈਲ ਮਹੀਨੇ ਆਯੋਜਿਤ ਕੀਤੇ ਜਾਣ ਵਾਲੇ ਸਮਾਗਮ ਦੇ ਵੇਰਵੇ ਜਲਦ ਹੀ ਸਾਂਝੇ ਕਰ ਦਿੱਤੇ ਜਾਣਗੇ ।