ਆਕਲੈਂਡ : ਨਿਊਜ਼ੀਲੈਂਡ ਦੀ ਇੱਕ 30 ਸਾਲਾ ਔਰਤ ਸੈਕਚਾ ਬੌਂਡ, ਜਿਸਨੇ ਆਸਟ੍ਰੇਲੀਆ ਚੋਂ ਟਰੇਨਿੰਗ ਲਈ ਸੀ,ਉਸਨੇ ਭੇਡਾਂ ਮੁੰਨਣ ਦਾ ਨਵਾਂ ਵਰਲਡ ਰਿਕਾਰਡ (World Record) ਬਣਾ ਦਿੱਤਾ ਹੈ। ਉਸਨੇ ਮਸ਼ੀਨ ਨਾਲ 9 ਘੰਟਿਆਂ `ਚ 720 ਭੇਡਾਂ ਮੁੰਨੀਆਂ ਹਨ। ਭਾਵ ਉਸਨੇ 45 ਸਕਿੰਟ `ਚ ਇੱਕ ਭੇਡ ਦੀ ਉੱਨ ਲਾਹ ਦਿੱਤੀ ਸੀ। ਜਦੋਂ ਕਿ ਇਸ ਤੋਂ ਪਹਿਲਾਂ ਇਹ World Record 661 ਦਾ ਸੀ, ਜੋ 2021 `ਚ ਨਿਊਜ਼ੀਲੈਂਡ ਦੀ ਇੱਕ ਹੋਰ ਔਰਤ ਮੇਘਨ ਨੇ ਬਣਾਇਆ ਸੀ।
ਦੋ ਸਾਲ ਦੇ ਬੱਚੇ ਦੀ ਮਾਂ ‘ਸੈਕਚਾ ਬੌਂਡ’ ਨੇ ਨਿਊਜ਼ੀਲੈਂਡ ਦੇ ਸਾਊਥ ਆਈਲੈਂਡ `ਤੇ ‘ਸੈਂਟਰ ਹਿੱਲ ਸਟੇਸ਼ਨ’ `ਤੇ ਇਹ World Record ਬਣਾਇਆ ਹੈ। ਜੋ ਪਿਛਲੇ 10 ਸਾਲਾਂ ਤੋਂ ਇਸ ਕਿੱਤੇ ਵਿੱਚ ਹੈ ਅਤੇ ਛੇ ਮਹੀਨੇ ਪਹਿਲਾਂ ਉਸਨੇ ਆਪਣੀ ਫਿਟਨੈੱਸ ਵਾਸਤੇ ਜਿਮ ਜੁਆਇਨ ਕੀਤਾ ਸੀ ਤਾਂ ਜੋ ਆਪਣੀ ਕਾਬਲੀਅਤ ਵਧਾ ਸਕੇ। ਉਸਨੇ ਦੱਸਿਆ ਕਿ ਮਸ਼ੀਨ ਨਾਲ ਭੇਡਾਂ ਤੋਂ ਉੱਨ ਲਾਹੁਣ ਦੀ ਤਕਨੀਕ ਅਤੇ ਸਰੀਰਕ ਫਿੱਟਨੈੱਸ ਬਹੁਤ ਮਹੱਤਵ ਰੱਖਦੀ ਹੈ।