ਮੈਲਬਰਨ : ਆਸਟ੍ਰੇਲੀਆ `ਚ ਇੱਕ ਅਜਿਹੇ ਅੱਤਵਾਦੀ (Terrorist in Australia) ਦੀ ਸਿਟੀਜ਼ਨਸਿ਼ਪ ਅਦਾਲਤ ਨੇ ਬਹਾਲ ਕਰ ਦਿੱਤੀ ਹੈ, ਜਿਸਨੂੰ ਅੱਤਵਾਦੀ ਸੰਗਠਨ ਦਾ ਮੈਂਬਰ ਹੋਣ ਕਰਕੇ 15 ਸਾਲ ਦੀ ਕੈਦ ਸੁਣਾਈ ਜਾ ਚੁੱਕੀ ਹੈ। ਅਦਾਲਤੀ ਫ਼ੈਸਲੇ ਤੋਂ ਬਾਅਦ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਫ਼ੈਸਲੇ ਸਬੰਧੀ ਕਾਨੂੰਨੀ ਸਲਾਹ ਲੈਣ ਦੀ ਗੱਲ ਆਖੀ ਹੈ। ਪਰ ਵਿਰੋਧੀ ਧਿਰ ਵੀ ਚਾਹੁੰਦੀ ਹੈ ਕਿ ਅਜਿਹੇ ਵਿਅਕਤੀ ਦੀ ਸਿਟੀਜ਼ਨਸਿ਼ਪ ਕੈਂਸਲ ਹੋਣੀ ਚਾਹੀਦੀ ਹੈ।
ਇਹ ਮਾਮਲਾ ਅਲਜੀਨੀਅਨ ਮੂਲ ਦੇ ਅਬਦੁੱਲ ਬੈਂਬਰਿਕਾ – Abdul Benbrika ਨਾਲ ਸਬੰਧਤ ਹੈ। ਜਿਸਨੂੰ ਸਾਲ 2008 `ਚ 15 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਿਸ ਪਿੱਛੋਂ ਉਸ ਵੇਲੇ ਦੇ ਹੋਮ ਅਫੇਅਰਜ਼ ਮਾਮਲਿਆਂ ਦੇ ਮੰਤਰੀ ( ਹੁਣ ਵਿਰੋਧੀ ਧਿਰ ਦੇ ਨੇਤਾ) ਪੀਟਰ ਡੱਟਣ ਨੇ ਅਬਦੁੱਲਾ ਦੀ ਸਿਟੀਜ਼ਨਸਿ਼ਪ ਕੈਂਸਲ ਕਰ ਦਿੱਤੀ ਸੀ। ਪਰ ਅਬਦੁੱਲਾ ਨੇ ਸਿਟੀਜ਼ਨਸਿ਼ਪ ਐਕਟ ਦਾ ਸਹਾਰਾ ਲੈ ਕੇ ਸਰਕਾਰ ਦੇ ਫ਼ੈਸਲੇ ਨੂੰ ਚੁਣੌਤੀ ਦੇ ਦਿੱਤੀ ਸੀ।
ਅੱਜ ਹਾਈਕੋਰਟ ਨੇ ਫ਼ੈਸਲਾ ਸੁਣਾ ਦਿੱਤਾ ਕਿ ਸਿਟੀਜ਼ਨਸਿ਼ਪ ਐਕਟ ਦੀ ਪਾਲਣਾ ਨਹੀਂ ਹੋਈ ਸੀ।
ਹਾਲਾਂਕਿ ਵਿਕਟੋਰੀਅਨ ਜੱਜ ਇਹ ਫ਼ੈਸਲਾ ਰਾਖਵਾਂ ਰੱਖ ਲਿਆ ਹੈ ਕਿ ਅਬਦੁੱਲਾ ਨੂੰ ਸੁਪਰਵਾਈਜ਼ਰ ਦੀ ਨਿਗਰਾਨੀ ਹੇਠ ਜੇਲ੍ਹ ਚੋਂ ਰਿਹਾਅ ਕਰ ਦਿੱਤਾ ਜਾਵੇ ਜਾਂ ਕੈਦ ਦੀ ਮਿਆਦ ਵਧਾ ਦਿੱਤੀ ਜਾਵੇ, ਕਿਉਂਕਿ 15 ਸਾਲ ਪੂਰੇ ਹੋਣ ਪਿੱਛੋਂ ਕ੍ਰਿਸਮਿਸ ਤੋਂ ਪਹਿਲਾਂ ਅਬਦੁੱਲਾ ਨੂੰ ਕੈਦ ਰੱਖਣ ਦਾ ਆਰਡਰ ਖਤਮ ਹੋ ਰਿਹਾ ਹੈ।
ਅਬਦੁੱਲਾ `ਤੇ ਦੋਸ਼ ਸਾਬਤ ਹੋਇਆ ਸੀ ਕਿ ਉਹ ਜਾਣਬੁੱਝ ਕੇ ਅੱਤਵਾਦੀ ਜਥੇਬੰਦੀ ਨਾਲ ਜੁੜਿਆ ਅਤੇ ਅੱਤਵਾਦੀ ਗਤੀਵਿਧੀਆਂ ਲਈ ਹਦਾਇਤਾਂ ਦਿੰਦਾ ਰਿਹਾ ਸੀ।