ਮੈਲਬਰਨ : ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ ਡਾਕਟਰਾਂ (GP) `ਤੇ ਲਾਏ ਜਾ ਰਹੇ ਨਵੇਂ ਸੰਭਾਵੀ ਪੇਅਰੋਲ ਟੈਕਸ ਨਾਲ ਮਰੀਜ਼ਾਂ `ਤੇ 20 ਡਾਲਰ ਦਾ ਵਾਧੂ ਭਾਰ ਪੈਣ ਦਾ ਖਦਸ਼ਾ ਹੈ। ਜਿਸ ਕਰਕੇ ਡਾਕਟਰ ਟੈਕਸ ਦਾ ਵਿਰੋਧ ਕਰ ਰਹੇ ਹਨ ਅਤੇ ਖਦਸ਼ਾ ਪ੍ਰਗਟ ਕਰ ਰਹੇ ਹਨ ਕਿ ਨਵੇਂ ਟੈਕਸ ਦੇ ਬੋਝ ਕਾਰਨ ਸਿਹਤ ਸਿਸਟਮ ਵਿਗੜ ਜਾਵੇਗਾ ਅਤੇ ਕਈ ਕਲੀਨਿਕ ਬੰਦ ਵੀ ਹੋ ਸਕਦੇ ਹਨ। ਡਾਕਟਰ ਸਟੇਟ ਦੇ 1500 ਕਲੀਨਿਕਾਂ ਵਿੱਚ ਪੋਸਟਰ ਚਿਪਕਾ ਕੇ ਆਮ ਲੋਕਾਂ ਨੂੰ ਸੱਦਾ ਦੇਣਗੇ ਕਿ ਡਾਕਟਰਾਂ ਉਪਰ ਲਾਏ ਜਾ ਨਵੇਂ ਟੈਕਸ ਦਾ ਵਿਰੋਧ ਕੀਤਾ ਜਾਵੇ।
ਰਾਇਲ ਆਸਟ੍ਰੇਲੀਆ ਕਾਲਜ ਔਵ ਜਨਰਲ ਪ੍ਰੈਕਟੀਸ਼ਨਰਜ ਦੀ ਵਿਕਟਰੋਟੀਆ ਸਟੇਟ ਦੀ ਚੇਅਰਪਰਸਨ ਅਨੀਟਾ ਮੁਨੋਜ ਦਾ ਕਹਿਣਾ ਹੈ ਕਿ ਡਾਕਟਰ ਕਲੀਨਿਕ ਦੇ ਨਾਂ ਹੇਠ ਬਿਜ਼ਨਸ ਕਰਦੇ ਹਨ, ਜਿਸ ਕਰਕੇ ਉਹ ਇੰਪਲੋਏਜ਼ ਵਾਂਗ ਪ੍ਰੈਕਟਿਸ ਰਾਹੀਂ ਕੋਈ ਵੀ ਲਾਭ ਨਹੀਂ ਲੈਂਦੇ। ਭਾਵ ਨਾ ਤਾਂ ਡਾਕਟਰਾਂ ਨੂੰ ਸਿੱਕ ਲੀਵ ਮਿਲਦੀ ਹੈ, ਨਾ ਹੀ ਐਨੂਅਲ ਲੀਵ ਲੈਂਦੇ ਅਤੇ ਨਾ ਹੀ ਵਰਕਸੇਫ਼ ਤੋਂ ਲਾਭ ਲੈਂਦੇ ਹਨ। ਜਿਸ ਕਰਕੇ ਪੇਅਰੋਲ ਟੈਕਸ ਨਹੀਂ ਲਾਇਆ ਜਾਣਾ ਚਾਹੀਦਾ।
ਕੁੱਝ ਹੋਰ ਡਾਕਟਰਾਂ ਦਾ ਕਹਿਣਾ ਹੈ ਕਿ ਟੈਕਸ ਦਾ ਭਾਰ ਮਰੀਜ਼ਾਂ `ਤੇ ਹੀ ਪਵੇਗਾ ਅਤੇ ਫ਼ੀਸ 20 ਡਾਲਰ ਹੋਰ ਮਹਿੰਗੀ ਹੋ ਜਾਵੇਗੀ।
ਦੂਜੇ ਪਾਸੇ ਸਰਕਾਰ ਦੇ ਨੁਮਾਇੰਦੇ ਸਟੀਵ ਦਾ ਕਹਿਣਾ ਹੈ ਕਿ ਸਟੇਟ ਰੈਵੀਨਿਊ ਔਫਿਸ, ਜਨਰਲ ਪ੍ਰੈਕਟੀਸ਼ਨਰਾਂ (ਡਾਕਟਰਾਂ) ਨਾਲ ਵੱਖਰਾ ਨਹੀਂ ਸਗੋਂ ਦੂਜੀਆਂ ਇੰਡਸਟਰੀਆਂ ਦੇ ਕਾਮਿਆਂ ਵਰਗਾ ਹੀ ਸਲੂਕ ਕਰ ਰਹੀ ਹੈ।