ਮੈਲਬਰਨ : ਆਸਟ੍ਰੇਲੀਆ ਦੇ ਕੁਈਨਜ਼ਲੈਂਡ `ਚ ਵੀ ਪੰਜਾਬ ਵਾਂਗ ਤਾਂਬੇ ਦੀਆਂ ਕੇਬਲਾਂ ਚੋਰੀ ਹੁੰਦੀਆਂ ਹਨ। (Stealing of Copper Wires) ਅਜਿਹੇ ਕਾਰਿਆਂ ਨੂੰ ਠੱਲ੍ਹ ਪਾਉਣ ਲਈ ਕੀਤੀ ਗਈ ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ, ਸਿਟੀ ਔਵ ਮੌਰਟਨ ਬੇਅ ਨੇ ਸੁਝਾਅ ਦਿੱਤਾ ਹੈ ਕਿ ਚੋਰੀ ਰੋਕਣ ਲਈ ਡੀਲਰਾਂ (ਕਬਾੜੀਆਂ) `ਤੇ ਅਜਿਹਾ ਮਾਲ ਕੈਸ਼ ਨਾਲ ਖ੍ਰੀਦਣ `ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਭਾਵ ਜੇ ਕੋਈ ਸਕਰੈਪ ਨੂੰ ਵੇਚਦਾ ਹੈ ਤਾਂ ਉਸਨੂੰ ਨਗਦੀ ਦੇਣ ਦੀ ਬਜਾਏ ਕਾਰਡ ਰਾਹੀਂ ਪੇਮੈਂਟ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਬਾਅਦ `ਚ ਲੋੜ ਪੈਣ `ਤੇ ਪਤਾ ਲੱਗ ਸਕੇ ਕਿ ਕੌਣ ਕਿੰਨੇ ਦੀ ਸਕਰੈਪ ਵੇਚ ਕੇ ਗਿਆ ਸੀ? ਪਰ ਦੂਜੇ ਪਾਸੇ ਵੇਸਟ ਰੀਸਾਈਕਲਿੰਗ ਇੰਡਸਟਰੀ ਐਸੋਸੀਏਸ਼ਨ ਔਵ ਕੁਈਨਜ਼ਲੈਂਡ (Waste Recycling Industry Association of Queensland – WRIQ ) ਨੇ ਇਸ ਸੁਝਾਅ ਦਾ ਵਿਰੋਧ ਕੀਤਾ ਹੈ।
ਮੇਅਰ ਪੀਟਰ ਫਲੈਨਰੀ (Mayor Peter Flannery) ਦਾ ਕਹਿਣਾ ਹੈ ਕਿ ਪਿਛਲੇ ਛੇ ਤੋਂ 12 ਮਹੀਨਿਆਂ ਦੌਰਾਨ ਤਾਂਬੇ ਦੀਆਂ ਕੇਬਲਾਂ ਚੋਰੀ ਕਰਨ ਦਾ ਰੁਝਾਨ ਬਹੁਤ ਵਧਿਆ ਹੈ। ਇੱਥੋਂ ਤੱਕ ਚੋਰ ਸਟਰੀਟ ਲਾਈਟਾਂ ਵਾਲੀਆਂ ਕੇਬਲਾਂ ਨੂੰ ਵੀ ਨਿਸ਼ਾਨਾ ਬਣਾਉਣ ਲੱਗ ਪਏ ਹਨ।
ਡਿਪਾਰਟਮੈਂਟ ਔਵ ਜਸਟਿਸ ਐਂਡ ਅਟਾਰਨੀ-ਜਨਰਲ (Department of Justice and Attorney General) ਅਨੁਸਾਰ ਪੁਲੀਸ ਕੋਲ ਸਾਲ 2022-23 ਦੌਰਾਨ ਚੋਰੀ ਦੀਆਂ 1507 ਰਿਪੋਰਟਾਂ ਦਰਜ ਹੋਈਆਂ ਹਨ, ਜਦੋਂ ਕਿ 2021-22 `ਚ 1157 ਸਨ। ਅਟਾਰਨੀ ਜਨਰਲ ਦੀ ਰਿਪੋਰਟ ਨਵੰਬਰ ਮਹੀਨੇ ਸਟੇਟ ਪਾਰਲੀਮੈਂਟ ਵਿੱਚ ਪੇਸ਼ ਕੀਤੀ ਜਾਵੇਗੀ।