ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਸਰਕਾਰ ਨੇ ਘਰਾਂ ਦੀ ਕੀਮਤਾਂ ਬਹੁਤ ਵਧ ਜਾਣ ਦੇ ਦੌਰ `ਚ ਘਰਾਂ ਦੀ ਥੁੜ (Shortage of Houses in SA) ਨਾਲ ਨਜਿੱਠਣ ਲਈ ‘ਗਰੈਨੀ ਫਲੈਟਸ’ `ਤੇ ਟੇਕ ਰੱਖ ਲਈ ਹੈ, ਕਿ ਅਜਿਹੇ ਫਲੈਟਸ ਗ਼ੈਰ-ਪਰਿਵਾਰਕ ਮੈਂਬਰਾਂ ਨੂੰ ਵੀ ਕਿਰਾਏ `ਤੇ ਦਿੱਤੇ ਜਾ ਸਕਣ।
ਕੋਰਲੌਜਿਕ ਦੀ ਰਿਪੋਰਟ (Corelogic Report) ਅਨੁਸਾਰ ਸਤੰਬਰ ਦੇਸ਼ ਭਰ `ਚ ਘਰਾਂ ਦੀਆਂ ਕੀਮਤਾਂ `ਚ ਕਰੀਬ ਇੱਕ ਫ਼ੀਸਦ ਵਾਧਾ ਹੋ ਗਿਆ ਹੈ। ਅਜਿਹੇ ਮਹਿੰਗਾਈ ਵਾਲੇ ਸਮੇਂ ਸਟੇਟ ਸਰਕਾਰ ਕੌਂਸਲਾਂ ਤੋਂ ਗਰੈਨੀ ਫਲੈਟਾਂ ਨੂੰ ਕਿਰਾਏ `ਤੇ ਦੇਣ ਬਾਰੇ ਨਿਯਮਾਂ ਦਾ ਸਪੱਸ਼ਟੀਕਰਨ ਚਾਹੁੰਦੀ ਹੈ।
ਸਟੇਟ ਸਰਕਾਰ ਨੇ ਸਟੇਟ ਪਲੈਨਿੰਗ ਕਮਿਸ਼ਨ ਨੂੰ ਲੈਟਰ ਲਿਖ ਕੇ ਆਖਿਆ ਹੈ ਕਿ ਕੌਂਸਲਾਂ ਨੂੰ ਅਜਿਹੇ ਨਿਯਮਾਂ ਪ੍ਰਤੀ ਨਰਮੀ ਵਰਤੀ ਜਾਵੇ, ਜੋ ਗਰੈਨੀ ਫਲੈਟਾਂ ਨੂੰ ਕਿਰਾਏ `ਤੇ ਦੇਣ ਸਬੰਧੀ ਰੋਕਾਂ ਲਾਉਂਦੇ ਹਨ। ਇਸ ਤੋਂ ਇਲਾਵਾ ਰੇਸੀਡੇਂਸ਼ੀਲ਼ ਟੈਨੈਂਸੀਜ ਐਕਟ (Residential Tenancies Act) `ਚ ਸੋਧ ਕਰਨ ਦੀ ਅਪੀਲ ਕੀਤੀ ਹੈ।
ਸ਼ੈਲਟਰ ਸਾਊਥ ਆਸਟ੍ਰੇਲੀਆ ਦੇ ਐਗਜ਼ੈਕਟਿਵ ਡਾਇਰੈਕਟਰ ਅਲਾਈਸ ਕਲਾਰਕ ਨੇ ਨਵੇਂ ਚੁੱਕੇ ਜਾ ਰਹੇ ਕਦਮ ਦੀ ਪ੍ਰਸੰਸਾ ਕੀਤੀ ਹੈ। ਪਰ ਉਨ੍ਹਾਂ ਨਾਲ ਹੀ ਇਹ ਚਿੰਤਾ ਵੀ ਜ਼ਾਹਰ ਕੀਤੀ ਕਿ ਸਿਰਫ਼ ਗਰੈਨੀ ਫਲੈਟਸ ਨੂੰ ਕਿਰਾਏ `ਤੇ ਦੇਣ ਨਾਲ ਹੀ ਘਰਾਂ ਦੀ ਘਾਟ ਦਾ ਸੰਕਟ ਦੂਰ ਨਹੀਂ ਹੋ ਸਕੇਗਾ।