ਨਿਊਜ਼ੀਲੈਂਡ ਇਮੀਗਰੇਸ਼ਨ ਨੇ ਆਖਿਆ ! ਤੂੰ ਸਿੰਗਲ ਐਂ… – ਭਾਰਤੀ ਸ਼ੈਫ਼ ਰਾਹੁਲ ਲੌਂਗੀਆ (Rahul Longia) ਨੂੰ ਵਿਜ਼ਟਰ ਵੀਜ਼ੇ ਤੋਂ ਨਾਂਹ

ਮੈਲਬਰਨ : ਪੰਜਾਬੀ ਕਲਾਊਡ ਟੀਮ-

ਇਮੀਗਰੇਸ਼ਨ ਨਿਊਜ਼ੀਲੈਂਡ ਨੇ ਇੱਕ ਸ਼ੈਫ ਰਾਹੁਲ ਲੌਂਗੀਆ (Rahul Longia) ਨੂੰ ਇਸ ਕਰਕੇ ਵਿਜ਼ਟਰ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਕਿਉਂਕਿ ਉਹ ਅਜੇ ਵਿਆਹਿਆ ਨਹੀਂ ਹੈ, ਭਾਵ ਸਿੰਗਲ ਹੈ। ਉਸਨੇ ਆਪਣੇ ਪਰਿਵਾਰ ਨੂੰ ਮਿਲਣ ਜਾਣਾ ਸੀ। ਇਮੀਗਰੇਸ਼ਨ ਨੂੰ ਡਰ ਹੈ ਕਿ ਉਹ ਉਵਰਸਟੇਅ ਹੋ ਜਾਵੇਗਾ।

ਹੈਰਲਡ ਦੀ ਰਿਪੋਰਟ ਅਨੁਸਾਰ ਇਹ ਮਾਮਲਾ 29 ਸਾਲਾ ਰਾਹੁਲ ਲੌਂਗੀਆ ਨਾਲ ਸਬੰਧਤ ਹੈ। ਜੋ ਦੁਬਈ ਦੇ ਮੈਰੀਆਟ ਹੋਟਲ ਵਿੱਚ ਸ਼ੈਫ ਵਜੋਂ ਪਿਛਲੇ ਪੰਜ ਸਾਲ ਕੰਮ ਕਰ ਰਿਹਾ ਹੈ। ਉਸਨੇ ਆਪਣੀ ਭੈਣ-ਭਣੋਈਏ ਨੂੰ ਮਿਲਣ ਵਾਸਤੇ ਨਿਊਜ਼ੀਲੈਂਡ ਜਾਣਾ ਸੀ।
ਰਾਹੁਲ ਦੇ ਜੀਜੇ ਸੰਦੀਪ ਨਰਾਇਣ ਦਾ ਕਹਿਣਾ ਹੈ ਕਿ ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਇਮੀਗਰੇਸ਼ਨ ਨੇ ਸਿਰਫ਼ ਇਸ ਕਰਕੇ ਨਾਂਹ ਕਰ ਦਿੱਤੀ ਕਿ ਉਹ ਸਿੰਗਲ ਹੈ। ਹਾਲਾਂਕਿ ਉਹ ਦੁਬਈ ਵਿੱਚ ਬਹੁਤ ਵਧੀਆ ਤਨਖ਼ਾਹ ਲੈ ਰਿਹਾ ਹੈ ਤੇ ਜਿਸ ਕਰਕੇ ਨਿਊਜ਼ੀਲੈਂਡ ਵਿੱਚ ਉਵਰਸਟੇਅ ਹੋਣ ਦੀ ਕੋਈ ਸੰਭਾਵਨਾ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਜੇ ਰਾਹੁਲ ਚਾਹੁੰਦਾ ਤਾਂ ਬਤੌਰ ਸ਼ੈਫ ਨਿਊਜ਼ੀਲੈਂਡ ਦਾ ਵੀਜ਼ਾ ਲਗਵਾ ਸਕਦਾ ਸੀ ਪਰ ਉਸਨੇ ਅਜਿਹਾ ਨਹੀਂ ਕੀਤਾ ਕਿਉਂਕਿ ਉਹ ਸਿਰਫ ਕੱੁਝ ਦਿਨਾਂ ਲਈ ਨਿਊਜ਼ੀਲੈਂਡ `ਚ ਵਿਜ਼ਟਰ ਵੀਜ਼ੇ `ਤੇ ਆ ਕੇ ਪਰਿਵਾਰ ਨੂੰ ਮਿਲਣਾ ਚਾਹੁੰਦਾ ਸੀ।

ਇਸ ਬਾਬਤ ਰਾਹੁਲ ਦਾ ਕਹਿਣਾ ਹੈ ਕਿ ਉਹ ਸਿਰਫ਼ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਜਾਣਾ ਚਾਹੁੰਦਾ ਸੀ, ਕਿਉਂਕਿ ਕੋਵਿਡ-19 ਤੋਂ ਬਾਅਦ ਬਾਰਡਰ ਬੰਦ ਹੋਣ ਕਰਕੇ ਅਤੇ ਆਪਣੇ ਕੰਮ ਦੇ ਸਿਲਸਿਲੇ ਲੰਬੇ ਸਮੇਂ ਤੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਨਹੀਂ ਸਕਿਆ। ਇੱਥੋਂ ਤੱਕ ਕਿ ਉਸਦੀ ਭੈਣ ਦਾ ਵਿਆਹ ਸਾਲ 2017 `ਚ ਹੋਇਆ ਸੀ ਤੇ ਉਸਦੇ ਵਿਆਹ `ਤੇ ਵੀ ਨਹੀਂ ਜਾ ਸਕਿਆ ਸੀ। ਜਿਸ ਕਰਕੇ ਉਸਨੇ ਦੁਬਈ ਜਾਣ ਤੋਂ ਪਹਿਲਾਂ ਆਪਣੀਆਂ ਇਕ ਮਹੀਨੇ ਦੀਆਂ ਛੁੱਟੀਆਂ ਨਿਊਜ਼ੀਲੈਂਡ ਵਿੱਚ ਬਿਤਾਉਣ ਦੀ ਯੋਜਨਾ ਬਣਾਈ ਸੀ। ਪਰ ਜੁਲਾਈ `ਚ ਉਸਦੀ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਰੱਦ ਕਰ ਦਿੱਤੀ ਗਈ।

ਦੂਜੇ ਪਾਸੇ ਇਮੀਗਰੇਸ਼ਨ ਨਿਊਜ਼ੀਲੈਂਡ ਦੇ ਵੀਜ਼ਾ ਡਾਇਰੈਕਟਰ ਜੌਕ ਗਿਲਰੇਅ ਦਾ ਕਹਿਣਾ ਹੈ ਕਿ ਰਾਹੁਲ ਨੇ ਆਪਣੀ ਐਪਲੀਕੇਸ਼ਨ ਨਾਲ ਕੋਈ ਵੀ ਇਨਕਮ ਟੈਕਸ ਭਰਨ ਬਾਰੇ ਡਾਕੂਮੈਂਟਸ ਨਹੀਂ ਲਾਏ ਸਨ ਅਤੇ ਨਾ ਹੀ ਕੋਈ ਬੈਂਕ ਸਟੇਟਮੈਂਟ ਲਾਈ ਸੀ, ਜਿਸ ਰਾਹੀਂ ਸਾਬਤ ਹੁੰਦਾ ਹੋਵੇ ਕਿ ਉਸਦੇ ਖਾਤੇ `ਚ ਜਮ੍ਹਾਂ ਪੂੰਜੀ ਸੀ। ਜਿਸ ਕਰਕੇ ਇਮੀਗਰੇਸ਼ਨ ਨੇ ਐਪਲੀਕੇਸ਼ਨ ਰੱਦ ਕਰਕੇ ਠੀਕ ਫ਼ੈਸਲਾ ਲਿਆ ਸੀ

Leave a Comment