ਮੈਲਬਰਨ : ਪੰਜਾਬੀ ਕਲਾਊਡ ਟੀਮ
-ਨਿਊਜ਼ੀਲੈਂਡ ਦੀ ਹੋਕੀਉ ਬੀਚ `ਤੇ ਵੱਡੇ ਅਕਾਰ ਦੀ ਵੇਲ੍ਹ ਮੱਛੀ ਮਿਲੀ ਹੈ। ਇਸ ਬਾਰੇ ਡਿਪਾਰਟਮੈਂਟ ਆਫ਼ ਕਨਜ਼ਰਵੇਸ਼ਨ ਨੇ ਵੀ ਪੁਸ਼ਟੀ ਕਰ ਦਿੱਤੀ ਹੈ। ਹਾਲਾਂਕਿ ਜਦੋਂ ਤੱਕ ਇਸ ਬਾਰੇ ਸਬੰਧਤ ਅਧਿਕਾਰੀਆਂ ਤੱਕ ਗੱਲ ਪਹੁੰਚੀ, ਉਦੋਂ ਤੱਕ ਇਹ ਮਰ ਚੁੱਕੀ ਸੀ। ਇਸ ਤੋਂ ਪਹਿਲਾਂ ਆਕਲੈਂਡ ਵੀ ਅਜਿਹੀ ਵੇਲ੍ਹ ਮਿਲੀ ਸੀ।
ਡਿਪਾਰਟਮੈਂਟ ਆਫ਼ ਕਨਜ਼ਰਵੇਸ਼ਨ ਦੇ ਅਪਰੇਸ਼ਨ ਮੈਨੇਜਰ ਮੋਆਨਾ ਸਮਿਥ-ਡੰਨਲਪ ਦੇ ਦੱਸਿਆ ਕਿ ਇਸ ਬਾਰੇ ਲੋਕਾਂ ਵੱਲੋਂ ਵਿਭਾਗ ਨੂੰ ਫ਼ੋਨ ਕਰਕੇ ਜਾਣਕਾਰੀ ਦਿੱਤੀ ਗਈ ਸੀ ਕਿ ਬੀਚ `ਤੇ ਇੱਕ ਨੀਲੇ ਰੰਗ ਦੀ ਵੱਡੇ ਅਕਾਰ ਵਾਲੀ ਵੇਲ੍ਹ ਮੱਛੀ ਪਈ ਹੈ। ਪਰ ਬਦਕਿਸਮਤੀ ਨਾਲ ਜਦੋਂ ਟੀਮ ਉੱਥੇ ਪਹੁੰਚੀ ਤਾਂ ਵੇਲ੍ਹ ਮੱਛੀ ਪਹਿਲਾਂ ਹੀ ਦਮ ਤੋੜ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਦੁਨੀਆਂ `ਤੇ ਸਭ ਤੋਂ ਵੱਡੀ ਮੰਨੀ ਜਾਣ ਵਾਲੀ ਵੇਲ੍ਹ ਮੱਛੀ ਦੀ ਛੋਟੀ-ਪ੍ਰਜਾਤੀ ਹੈ।
ਲੋਕਲ ਇਵੀ (ਮਾਉਰੀ ਕਬੀਲੇ) ਨੇ ਇਸਨੂੰ ਦਫ਼ਨਾਉਣ ਲਈ ਧਰਤੀ ਖੋਦ ਕੇ ਵੱਡੀ ਖੱਡ ਕੱਢ ਲਈ ਹੈ।
ਇਸ ਤੋਂ ਪਹਿਲਾਂ ਆਕਲੈਂਡ ਦੀ ਹਿਬੀਕਸ ਕੋਸਟ ਵਾਲੀ ਰੈੱਡ ਬੀਚ `ਤੇ ਵੀ ਇਸੇ ਮਹੀਨੇ ਦੇ ਸ਼ੁਰੂ `ਚ ਅਜਿਹੀ ਹੀ ਪ੍ਰਜਾਤੀ ਦੀ ਮਰੀ ਵੇਲ੍ਹ ਮੱਛੀ ਮਿਲੀ ਸੀ।