ਮੈਲਬਰਨ : ਪੰਜਾਬੀ ਕਲਾਊਡ ਟੀਮ
-ਆਸਟਰੇਲੀਆ ਵਿੱਚ ਇੱਕ ਬਹੁ-ਚਰਚਿਤ 10 ਮਿਲੀਅਨ ਡਾਲਰ ਦੇ ਕੇਸ `ਚ ਨਾਮਜ਼ਦ ਮਲੇਸ਼ੀਆਨ ਮੂਲ ਦੀ ਔਰਤ ਥੇਵਮੈਂਗਰੀ ਮੈਨੀਵੇਲ (Thevamangari Manivel) ਨੂੰ 209 ਦਿਨ ਕੈਦ ਦੀ ਸਜ਼ਾ ਸੁਣਾਈ ਹੈ, ਜੋ ਕਿ ਪਿਛਲੇ ਸਾਲ ਅਕਤੂਬਰ `ਚ ਜ਼ਮਾਨਤ ਮਿਲਣ ਤੋਂ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਕਿਉਂਕਿ ਉਸਨੂੰ ਫਰਵਰੀ `ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਮੀਡੀਆ ਰਿਪੋਰਟਾਂ ਅਨੁਸਾਰ ਵਿਕਟੋਰੀਆ ਕਾਊਂਟੀ ਕੋਰਟ ਦੇ ਜੱਜ ਮਾਰਟਾਈਨ ਮੈਰਿਚ ਨੇ ਉਸਨੂੰ 200 ਘੰਟੇ ਕਮਿਊਨਿਟੀ ਸਰਵਿਸ ਦੀ ਸਜ਼ਾ ਸੁਣਾਈ ਹੈ ਅਤੇ ਉਸਨੂੰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਵਾਲੇ ਹਾਲਾਤ ਦੀ ਤਰ੍ਹਾਂ ਅਗਲੇ ਛੇ ਮਹੀਨੇ ਘਰ ਹੀ ਰਹਿਣਾ ਪਵੇਗਾ। ਜਦੋਂ ਕਿ ਇਸ ਕੇਸ ਉਸਦੇ ਬੁਆਏ-ਫਰੈਂਡ ਜਤਿੰਦਰ ਸਿੰਘ ਬਾਰੇ ਅਦਾਲਤੀ ਸੁਣਵਾਈ ਅਗਲੇ ਮਹੀਨੇ ਹੋਣ ਦੀ ਸੰਭਾਵਨਾ ਹੈ।
ਮਈ 2021 `ਚ ਬੁਲਗਾਰੀਆ ਵਿੱਚ ਕ੍ਰਿਪੋ ਕਰੰਸੀ ਦੀ ਇੱਕ ਮੁਲਾਜ਼ਮ ਨੇ 100 ਡਾਲਰ ਜਤਿੰਦਰ ਸਿੰਘ ਨੂੰ ਵਾਪਸ ਕਰਨੇ ਸਨ ਪਰ ਭੁਲੇਖੇ ਨਾਲ ਅਮਾਊਂਟ ਵਾਲੇ ਕਾਲਮ `ਚ 100 ਡਾਲਰ ਦੀ ਬਜ਼ਾਏ ਮੈਨੀਵੇਲ ਦੀ ਕਾਮਨਵੈੱਲਥ ਬੈਂਕ ਦਾ ਖਾਤਾ ਨੰਬਰ 10 474 143 ਲਿਖ ਦਿੱਤਾ ਅਤੇ ਸਾਰੀ ਰਕਮ ਮੈਨੀਵੇਲ ਦੇ ਖਾਤੇ ਵਿੱਚ ਆ ਗਈ। ਜਿਸ ਪਿੱਛੋਂ ਉਸਨੇ ਪਿਛਲੇ ਸਾਲ ਜਨਵਰੀ `ਚ ਨੌਰਥ ਮੈਲਬਰਨ ਦੇ ਸਬਅਰਬ ਕਰੇਗੀਬਰਨ ਵਿੱਚ 4 ਬੈੱਡ ਰੂਮ ਦਾ ਘਰ ਅਤੇ ਮਿਕਲਮ ਸਬਅਰਬ ਵਿੱਚ 17 ਲੱਖ 60 ਹਜ਼ਾਰ ਦੇ ਘਰ ਵਾਸਤੇ ਡਿਪਾਜ਼ਟ ਅਤੇ ਮੌਰਗੇਜ਼ ਵਾਸਤੇ ਵਰਤ ਲਏ। ਇਸ ਤੋਂ ਇਲਾਵਾ ਬੱਚਿਆਂ ਵਾਸਤੇ 11 ਲੱਖ ਦੇ ਕੈਸ਼ ਗਿਫ਼ਟ, 70 ਹਜ਼ਾਰ ਡਾਲਰ ਦੀ ਕਾਰ ਤੇ ਫਰਨੀਚਰ `ਤੇ ਖ਼ਰਚ ਦਿੱਤੇ।
ਕ੍ਰਿਪਟੋ ਕਰੰਸੀ ਨੂੰ ਇਸ ਗਲਤੀ ਦਾ 7 ਮਹੀਨੇ ਬਾਅਦ ਪਤਾ ਲੱਗਾ ਅਤੇ ਉਨ੍ਹਾਂ ਨੇ ਸਾਰੀ ਰਕਮ ਰੀਫੰਡ ਕਰਨ ਵਾਸਤੇ ਆਨਲਾਈਨ ਸੁਨੇਹੇ ਭੇਜੇ। ਪਰ ਮੈਨੀਵੇਲ ਨੇ ਰਕਮ ਵਾਪਸ ਨਾ ਕੀਤੀ ਤਾਂ ਪ੍ਰਸ਼ਾਸ਼ਨ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਪ੍ਰੌਸੀਕਿਊਟਰਜ ਅਨੁਸਾਰ ਉਸ ਪਿੱਛੋਂ ਮੈਨੀਵੇਲ (Thevamangari Manivel) ਨੂੰ ਪਿਛਲੇ ਸਾਲ ਮਾਰਚ ਵਿੱਚ ਮੈਲਬਰਨ ਏਅਰਪੋਰਟ `ਤੇ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਆਪਣੇ ਦੇਸ਼ ਮਲੇਸ਼ੀਆ ਜਾਣ ਵਾਸਤੇ ਫਲਾਈਟ ਲੈ ਰਹੀ ਸੀ।