ਮੈਲਬਰਨ : ਪੰਜਾਬੀ ਕਲਾਊਡ ਟੀਮ
-ਨਿਊਜ਼ੀਲੈਂਡ ਸਰਕਾਰ ਨੇ ਰਾਹਤ ਭਰਿਆ ਕਦਮ ਚੁੱਕਦਿਆਂ ਭਾਰਤੀ ਤੇ ਬੰਗਲਾਦੇਸ਼ੀ ਵਰਕਰਾਂ ਨੂੰ ਮੋਟਲ `ਚ ਰੱਖਣ ਅਤੇ ਹਰ ਹਫ਼ਤੇ 220 ਡਾਲਰ ਗੁਜ਼ਾਰੇ ਲਈ ਦੇਣ ਵਾਸਤੇ ਐਲਾਨ ਕੀਤਾ ਹੈ। ਐਕਰੀਡਿਟਡ ਇੰਪਲੋਏਅਰ ਅਸਿਸਟਡ ਵੀਜ਼ੇ `ਤੇ ਨਿਊਜ਼ੀਲੈਂਡ ਆਏ ਇਹ ਵਰਕਰ ਏਜੰਟਾਂ ਅਤੇ ਧੋਖੇਬਾਜ਼ ਇੰਪਲੋਏਅਰ ਦੇ ਹੱਥੋਂ ਠੱਗੀ ਖਾਣ ਪਿੱਛੋਂ ਬਹੁਤ ਹੀ ਤਰਸਯੋਗ ਹਾਲਤ `ਚ ਰਹਿਣ ਲਈ ਮਜ਼ਬੂਰ ਹਨ।
ਇਮੀਗਰੇਸ਼ਨ ਨਿਊਜ਼ੀਲੈਂਡ ਦੇ ਇੱਕ ਅਫ਼ਸਰ ਸਟੀਵ ਵਾਟਸਨ ਅਨੁਸਾਰ ਸਰਕਾਰ ਨੇ ਅਜਿਹੇ ਲੋੜਵੰਦ ਵਰਕਰਾਂ ਲਈ ਟੈਂਪਰੇਰੀ ਤੌਰ `ਤੇ ਮੋਟਲਾਂ ਵਿੱਚ ਰਹਿਣ ਲਈ ਪ੍ਰਬੰਧ ਕੀਤਾ ਹੈ।
ਜਿ਼ਕਰਯੋਗ ਹੈ ਕਿ ਇਮੀਗਰੇਸ਼ਨ ਨਿਊਜ਼ੀਲੈਂਡ ਨੇ ਜਾਂਚ ਦੌਰਾਨ 10 ਘਰਾਂ `ਚ 144 ਵਰਕਰ ਲੱਭੇ ਸਨ, ਜੋ ਬਹੁਤ ਹੀ ਅਣਮਨੁੱਖੀ ਹਾਲਾਤ `ਚ ਰਹਿਣ ਲਈ ਮਜ਼ਬੂਰ ਸਨ। ਜਿਨ੍ਹਾਂ `ਤੇ ਤਰਸ ਖਾ ਕੇ ਸਰਕਾਰ ਨੇ ਉਨ੍ਹਾਂ ਨੂੰ ਰਾਹਤ ਦੇਣ ਲਈ ਅਜਿਹਾ ਕਦਮ ਚੁੱਕਿਆ ਹੈ।