ਆਸਟਰੇਲੀਆ `ਚ ਸੌਖਾ ਹੋਵੇਗਾ ਵੀਜ਼ਾ ਅਪਲਾਈ ਕਰਨਾ – ਮਾਈਗਰੈਂਟਸ ਨੂੰ ਮਿਲੇਗੀ ਡਿਜੀਟਲ ਸਿਸਟਮ (Digital System) ਦੀ ਸਹੂਲਤ

ਮੈਲਬਰਨ : ਪੰਜਾਬੀ ਕਲਾਊਡ ਟੀਮ

-ਆਸਟਰੇਲੀਆ `ਚ ਰਹਿ ਰਹੇ ਮਾਈਗਰੈਂਟ ਵਰਕਰਾਂ ਨੂੰ ਵੀਜ਼ੇ ਵਧਵਾਉਣ ਲਈ ਪੇਪਰ ਫ਼ਾਰਮ ਭਰਨ ਦੀ ਲੋੜ ਨਹੀਂ ਰਹੇਗੀ। ਸਗੋਂ ਉਹ ਇਹ ਕੰਮ ਡਿਜੀਟਲ ਸਿਸਟਮ (Digital System) ਰਾਹੀਂ  ਜਮ੍ਹਾਂ ਕਰਵਾ ਸਕਣਗੇ। ਭਾਵ ਸਟੇਟਰੀ ਡੈੱਕਲੇਰੇਸ਼ਨ ਅਤੇ ਗਵਾਹੀ ਵਾਲੀ ‘ਵਿਟਨੈੱਸ’ ਵੀ ਡਿਜੀਟਲ ਮੋਡ ਰਾਹੀਂ ਭਰੀ ਜਾ ਸਕੇਗੀ। ਇਸ ਮਕਸਦ ਲਈ ਫ਼ੈਡਰਲ ਸਰਕਾਰ ਛੇਤੀ ਹੀ ਸਾਰਾ ਪ੍ਰਾਸੈੱਸ ਟਰੈਕ `ਤੇ ਲੈ ਆਵੇਗੀ। ਇਸ ਆਧੁਨਿਕ ਯੁੱਗ ਦੀ ਨਵੀਂ ਤਕਨੀਕ ਨਾਲ ਸਰਕਾਰ ਨੂੰ 156 ਮਿਲੀਅਨ ਡਾਲਰ ਦਾ ਫਾਇਦਾ ਹੋਵੇਗਾ। ਹਾਲਾਂਕਿ ਡਿਜੀਟਲ ਸਟੇਟਰੀ ਡੈਕਲੇਰੇਸ਼ਨ ਟੈਂਪਰੇਰੀ ਤੌਰ `ਤੇ ਕੋਵਿਡ-19 ਦੌਰਾਨ ਸਾਲ 2021 ਵਿੱਚ ਕੁੱਝ ਸਮੇਂ ਲਈ ਅਪਣਾਈ ਗਈ ਸੀ।

ਇੱਕ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਵੀਰਵਾਰ ਨੂੰ ਫ਼ੈਡਰਲ ਪਾਰਲੀਮੈਂਟ `ਚ ਪੇਸ਼ ਕੀਤੇ ਗਏ ਬਿੱਲ ਦੀਆਂ ਤਜ਼ਵੀਜ਼ਾਂ ਮੁਤਾਬਕ ਮਾਈਗਰੈਂਟ ਵਰਕਰਾਂ ਨੂੰ ਹੁਣ ਆਪਣੇ ਵੀਜ਼ਾ ਰੀਨਿਊ ਕਰਾਉਣ ਲਈ ਪੋਸਟ ਔਫਿ਼ਸ ਨਹੀਂ ਜਾਣਾ ਪਵੇਗਾ ਕਿਉਂਕਿ ਐਲਬਨੀਜ਼ ਦੀ ਫ਼ੈਡਰਲ ਸਰਕਾਰ ਨੇ ਆਧੁਨਿਕ ਡਿਜੀਟਲ ਯੁੱਗ ਦੀ ਤਕਨੀਕ ਨੂੰ ਅਪਣਾਉਣ ਲਈ ਅਗਲੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਮਾਈਗਰੈਂਟ ਵਰਕਰਾਂ ਨੂੰ ਆਮ ਸਟੱਡੀ ਵੀਜ਼ੇ, ਸਪਾਊਜ਼ ਵੀਜ਼ੇ ਜਾਂ ਵਰਕ ਵੀਜ਼ੇ ਲਈ ਹਰ ਵਾਰ ਪੇਪਰ ਫਾਰਮ ਭਰਨਾ ਪੈਂਦਾ ਹੈ। ਜਿਸ ਵਿੱਚ ਦਿੱਤੇ ਸਾਰੇ ਵੇਰਵੇ ਦੀ ਤਸਦੀਕ ‘ਸਟੇਟਰੀ ਡੈਕਲੇਰੇਸ਼ਨ’ ਰਾਹੀਂ ਕਰਨੀ ਪੈਂਦੀ ਹੈ ਕਿ ਫਾਰਮ `ਚ ਭਰੇ ਸਾਰੇ ਵੇਰਵੇ ਉਸ ਮੁਤਾਬਕ ਠੀਕ ਹਨ। ਇਸ ਕਰਕੇ ‘ਡੈਕਲੇਰੇਸ਼ਨ’ ਨੂੰ ਵੀਜ਼ਾ ਪ੍ਰਾਸੈੱਸ ਲਈ ਬਹੁਤ ਅਹਿਮ ਮੰਨਿਆ ਜਾਂਦਾ ਹੈ। ਪਰ ਇਹ ਸੱਚ ਹੈ ਕਿ ਜਿਹੜੇ ਮਾਈਗਰੈਂਟ ਵਰਕਰ ਪੇਪਰ ਰਾਹੀਂ ਫਾਰਮ ਭਰਨਾ ਪਸੰਦ ਕਰਨਗੇ, ਉਹ ਨਵੇਂ ਨਿਯਮਾਂ ਤੋਂ ਬਾਅਦ ਵੀ ਪੇਪਰ ਫਾਰਮ ਭਰ ਸਕਣਗੇ।
ਇਹ ਬਿੱਲ ਆਸਟਰੇਲੀਅਨਾਂ ਨੂੰ ਆਪਣੇ ਡਾਕੂਮੈਂਟਸ ਲਾਗੂ ਕਰਨ ਲਈ MyGov digital ID ਵਰਤਣ ਦੀ ਆਗਿਆ ਵੀ ਦੇਵੇਗਾ।

ਅਟਾਰਨੀ ਜਰਨਲ ਮਾਰਕ ਡਰੇਫੁੱਸ ਦਾ ਕਹਿਣਾ ਹੈ ਕਿ ਨਵੀਂ ਤਬਦੀਲੀ ਨਾਲ ਮਾਈਗਰੈਂਟਸ ਅਤੇ ਕਾਰੋਬਾਰੀਆਂ `ਤੇ ਅਸਰ ਪਾਵੇਗੀ। ਉਨ੍ਹਾਂ ਸੰਭਾਵਨਾ ਪ੍ਰਗਟ ਕੀਤੀ ਕਿ ਨਵੇਂ ਕਦਮ ਨਾਲ ਹੋਮ ਅਫੇਅਰਜ਼ ਡਿਪਾਰਮੈਂਟ ਦੇ ਕਾਰਜ-ਕੁਸ਼ਲਤਾ ਵਿੱਚ ਤੇਜ਼ੀ ਆਵੇਗੀ ਅਤੇ 156 ਮਿਲੀਅਨ ਡਾਲਰ ਦੀ ਬੱਚਤ ਵੀ ਹੋਵੇਗੀ। ਇਸ ਤੋਂ ਇਲਾਵਾ ਡਿਸਏਬਿਲਟੀ ਦੇ ਸਿ਼ਕਾਰ ਲੋਕਾਂ ਅਤੇ ਆਸਟਰੇਲੀਆ ਦੇ ਦੂਰ-ਦੁਰਾਡੇ ਦੇ ਖੇਤਰਾਂ `ਚ ਰਹਿਣ ਵਾਲੇ ਲੋਕਾਂ ਲਈ ਵੀਜ਼ਾ ਐਪਲੀਕੇਸ਼ਨ ਭਰਨ `ਚ ਅਸਾਨੀ ਹੋ ਜਾਵੇਗੀ।

Leave a Comment