ਮੈਲਬਰਨ : ਪੰਜਾਬੀ ਕਲਾਊਡ ਟੀਮ
-ਗਰੀਨ ਪਾਰਟੀ ਨੇ ਬ੍ਰਿਸਬੇਨ ਏਅਰਪੋਰਟ (Brisbane Airport) `ਤੇ ਰਾਤ ਦੀਆਂ ਫਲਾਈਟਾਂ ਬੰਦ ਕਰਨ ਅਤੇ ਕਰਫਿਊ ਲਾਉਣ ਲਈ ਪਹਿਲਕਦਮੀ ਕੀਤੀ ਜਾ ਰਹੀ ਹੈ। ਇਸ ਬਾਬਤ ਫ਼ੈਡਰਲ ਪਾਰਲੀਮੈਂਟ `ਚ ਬਿੱਲ ਪੇਸ਼ ਕੀਤਾ ਜਾਵੇਗਾ। ਦੂਜੇ ਪਾਸੇ ਐਵੀਏਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਅਜਿਹਾ ਅਮਲ ਨੇਪਰੇ ਚੜ੍ਹਦਾ ਹੈ ਤਾਂ ਲੋਕਾਂ ਵਾਸਤੇ ਹਵਾਈ ਸਫ਼ਰ ਮਹਿੰਗਾ ਹੋ ਜਾਵੇਗਾ।
ਇਕ ਰਿਪੋਰਟ ਅਨੁਸਾਰ ਗਰੀਨ ਪਾਰਟੀ ਐਮਪੀ ਐਲਿਜ਼ਾਬੇਥ ਵਾਟਸਨ-ਬਰਾਊਨ ਅਗਲੇ ਹਫ਼ਤੇ ਫ਼ੈਡਰਲ ਪਾਰਲੀਮੈਂਟ ਵਿੱਚ ਬਿੱਲ ਪੇਸ਼ ਕਰਕੇ ਬ੍ਰਿਸਬੇਨ ਏਅਰਪੋਰਟ `ਤੇ ਰਾਤ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਫਲਾਈਟਾਂ ਬੰਦ ਕਰਨ ਦੀ ਮੰਗ ਰੱਖੀ ਜਾਵੇਗੀ। ਭਾਵੇਂ ਕਿ ਇਸਦਾ ਉਦੇਸ਼ ਹਵਾਈ ਪ੍ਰਦੂਸ਼ਣ ਘਟਾਉਣਾ ਹੈ ਪਰ ਏਅਰਲਾਈਨ ਰੇਟਿੰਗ ਐਡੀਟਰ ਜੌਫ਼ਰੀ ਥੌਮਸ ਦਾ ਕਹਿਣਾ ਹੈ ਕਿ ਫਲਾਈਟਾਂ ਮਹਿੰਗੀਆਂ ਹੋ ਜਾਣਗੀਆਂ।
ਵਾਟਸਨ ਦਾ ਕਹਿਣਾ ਹੈ ਕਿ ਸਾਲ 2035 ਤੱਕ ਏਅਰਪੋਰਟ `ਤੇ ਫਲਾਈਟਾਂ ਦੁੱਗਣੀਆਂ ਕਰਨ ਦਾ ਟੀਚਾ ਹੈ, ਜਿਸ ਨਾਲ ਹਵਾਈ ਸ਼ੋਰ-ਸ਼ਰਾਬਾ ਵੀ ਬਹੁਤ ਵਧ ਜਾਵੇਗਾ। ਉਨ੍ਹਾਂ ਦੱਸਿਆ ਕਿ ਹਵਾਈ ਸ਼ੋਰ-ਸ਼ਰਾਬੇ ਨਾਲ ਲੋਕਾਂ ਦੀ ਸਿਹਤ `ਤੇ ਮਾੜਾ ਅਸਰ ਪੈ ਰਿਹਾ ਹੈ।